- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਜਕ ਪੂਜਨ ਸਿਰਫ਼ ਇੱਕ ਦਿਨ ਨਹੀਂ, ਧੀਆਂ ਦਾ ਸਤਿਕਾਰ ਹੋਵੇ ਹਰ ਦਿਨ
ਰਿਤੀਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਨਵਰਾਤਰੀ ਦੇ ਪਾਵਨ ਤਿਉਹਾਰ ਦੌਰਾਨ ਦੁਰਗਾ ਅਸ਼ਟਮੀ ਮੌਕੇ ਅੱਜ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਕੰਜਕ ਪੂਜਨ ਕੀਤਾ ਜਾਵੇਗਾ। ਹਿੰਦੂ ਧਰਮ ਵਿੱਚ ਕੰਜਕ ਪੂਜਨ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਰਸਮ ਦੌਰਾਨ ਨੌਂ ਕੁਆਰੀਆਂ ਬੱਚੀਆਂ ਨੂੰ ਮਾਂ ਦੁਰਗਾ ਦੇ ਨੌਂ ਰੂਪਾਂ ਦਾ ਪ੍ਰਤੀਕ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਬੱਚੀਆਂ ਨੂੰ ਘਰ ਬੁਲਾ ਕੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਭੋਜਨ ਕਰਵਾਉਣ ਦੇ ਨਾਲ ਤੋਹਫ਼ੇ ਵੀ ਦਿੰਦੇ ਹਨ। ਦੁਰਗਾ ਅਸ਼ਟਮੀ ਦੇ ਇਸ ਪਾਵਨ ਮੌਕੇ ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਕੰਜਕ ਪੂਜਨ ਦੇ ਨਾਲ-ਨਾਲ ਧੀਆਂ ਦੇ ਸਤਿਕਾਰ, ਸਿੱਖਿਆ ਅਤੇ ਬਰਾਬਰੀ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਧੀਆਂ ਨੂੰ ਸਿਰਫ਼ ਧਾਰਮਿਕ ਰਸਮਾਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਦਿੱਤੇ ਜਾਣ।
ਬੇਟੀਆਂ ਹਰ ਖੇਤਰ ’ਚ ਨਿਭਾਅ ਰਹੀਆਂ ਅਹਿਮ ਭੂਮਿਕਾ : ਪ੍ਰਿੰ. ਭੁਸਰੀ
ਪ੍ਰਿੰਸੀਪਲ ਰਿਤੂ ਭੁਸਰੀ ਨੇ ਕਿਹਾ ਕਿ ਧੀਆਂ ਦੀ ਸਮਾਜ ਵਿੱਚ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦੀ ਸਿੱਖਿਆ, ਆਤਮ-ਨਿਰਭਰਤਾ ਅਤੇ ਸਮਾਜ ਵਿੱਚ ਬਰਾਬਰੀ ਦੀ ਸਥਿਤੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਥਾਵਾਂ ’ਤੇ ਧੀਆਂ ਨੂੰ ਘੱਟ ਸਮਝਿਆ ਜਾਂਦਾ ਸੀ, ਪਰ ਹੁਣ ਸਮਾਜ ਵਿੱਚ ਉਨ੍ਹਾਂ ਦੀ ਮਹੱਤਤਾ ਅਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਧੀਆਂ ਸਿਰਫ਼ ਘਰ ਦੀਆਂ ਜ਼ਿੰਮੇਵਾਰੀਆਂ ਹੀ ਨਹੀਂ ਨਿਭਾਉਂਦੀਆਂ, ਸਗੋਂ ਰਾਜਨੀਤੀ, ਸਿੱਖਿਆ, ਕਲਾ ਅਤੇ ਹੋਰ ਖੇਤਰਾਂ ਵਿੱਚ ਵੀ ਆਪਣੀ ਕਾਬਲੀਅਤ ਦਾ ਸਬੂਤ ਦੇ ਰਹੀਆਂ ਹਨ।
ਕੁੜੀਆਂ ਨੂੰ ਵੀ ਮੁੰਡਿਆਂ ਜਿੰਨਾ ਪਿਆਰ ਤੇ ਸਤਿਕਾਰ ਦਿਓ : ਰੇਨੂ
ਸਰਕਾਰੀ ਐੱਮਆਰ ਕਾਲਜ ਵਿੱਚ ਤਾਇਨਾਤ ਲੈਕਚਰਾਰ ਰੇਨੂ ਨੇ ਕਿਹਾ ਕਿ ਨਵਰਾਤਰੀ ਦੌਰਾਨ ਮਾਂ ਦੁਰਗਾ ਦੀ ਪੂਜਾ ਪੂਰੀ ਸ਼ਰਧਾ ਨਾਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਸਮਾਜ ਨੂੰ ਧੀਆਂ ਪ੍ਰਤੀ ਆਪਣੀ ਸੋਚ ਵਿੱਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਪਿਆਰ ਅਤੇ ਸਤਿਕਾਰ ਦਿੱਤਾ ਜਾਵੇ ਅਤੇ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੀਆਂ ਦਾ ਸਤਿਕਾਰ ਕਰਨਾ ਹੀ ਅਸਲ ਵਿੱਚ ਨਾਰੀ ਸ਼ਕਤੀ ਦਾ ਸਤਿਕਾਰ ਹੈ।
ਕੰਜਕ ਪੂਜਾ ਦਿਲੋਂ ਕਰੋ, ਦਿਖਾਵੇ ਲਈ ਨਹੀਂ : ਲਖਵਿੰਦਰ ਬਰਾੜ
ਲਖਵਿੰਦਰ ਕੌਰ ਬਰਾੜ ਨੇ ਕੰਜਕ ਪੂਜਨ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੰਜਕ ਪੂਜਾ ਸਿਰਫ਼ ਇੱਕ ਦਿਨ ਦੀ ਰਸਮ ਨਹੀਂ ਹੋਣੀ ਚਾਹੀਦੀ, ਸਗੋਂ ਧੀਆਂ ਦਾ ਸਤਿਕਾਰ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਜਕ ਪੂਜਨ ਦਿਲੋਂ ਅਤੇ ਸੱਚੀ ਸ਼ਰਧਾ ਨਾਲ ਕਰਨਾ ਚਾਹੀਦਾ ਹੈ, ਨਾ ਕਿ ਸਿਰਫ਼ ਦਿਖਾਵੇ ਲਈ। ਜੇਕਰ ਅਸੀਂ ਮਾਂ ਦੁਰਗਾ ਦੀ ਪੂਜਾ ਕਰਦੇ ਹਾਂ ਤਾਂ ਸਾਨੂੰ ਆਪਣੇ ਸਮਾਜ ਵਿੱਚ ਹਰ ਧੀ ਨੂੰ ਵੀ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ।
ਧੀਆਂ ਹਰ ਖੇਤਰ ’ਚ ਕਰ ਰਹੀਆਂ ਤਰੱਕੀ : ਪੂਜਾ ਲੂਥਰਾ ਸਚਦੇਵਾ
ਡਾ. ਬੀਡੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੀ ਚੇਅਰਮੈਨ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ ਹਨ। ਉਹ ਸਿੱਖਿਆ, ਵਿਗਿਆਨ, ਪੁਲਾੜ, ਫ਼ੌਜ ਅਤੇ ਸਿਵਲ ਪ੍ਰਸ਼ਾਸਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅਹਿਮ ਅਹੁਦਿਆਂ ’ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਲਈ ਬਰਾਬਰ ਮੌਕੇ ਦੇਣੇ ਜ਼ਰੂਰੀ ਹਨ। ਧੀਆਂ ਦੀ ਜਨਮ ਦਰ ਵਿੱਚ ਸੁਧਾਰ ਲਿਆਉਣ ਲਈ ਸਰਕਾਰੀ ਯੋਜਨਾਵਾਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬੋਝ ਸਮਝਣ ਦੀ ਬਜਾਏ ਉਨ੍ਹਾਂ ਦੀ ਸਿੱਖਿਆ ਅਤੇ ਉੱਜਵਲ ਭਵਿੱਖ ਵੱਲ ਧਿਆਨ ਦੇਣਾ ਚਾਹੀਦਾ ਹੈ।
ਧੀ ਨੂੰ ਕੁੱਖ ’ਚ ਮਾਰਨ ਵਾਲੇ ਅੱਜ ਕੰਜਕਾਂ ਲੱਭਦੇ : ਸ਼ੀਨਾ ਚੁਚਰਾ
ਸ਼ੀਨਾ ਚੁਚਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਕੁਝ ਲੋਕ ਪੁੱਤਰ ਦੀ ਚਾਹਤ ’ਚ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੰਦੇ ਹਨ, ਪਰ ਦੁਰਗਾ ਅਸ਼ਟਮੀ ਮੌਕੇ ਉਹੀ ਲੋਕ ਕੰਜਕ ਪੂਜਨ ਲਈ ਬੱਚੀਆਂ ਦੀ ਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਅੱਜ ਉਹ ਜੱਜ, ਡਿਪਟੀ ਕਮਿਸ਼ਨਰ, ਮੁੱਖ ਮੰਤਰੀ ਅਤੇ ਵਿਧਾਇਕ ਸਮੇਤ ਕਈ ਮਹੱਤਵਪੂਰਨ ਅਹੁਦਿਆਂ ’ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਬਜਾਏ ਉਨ੍ਹਾਂ ਨੂੰ ਜਨਮ ਲੈਣ, ਪੜ੍ਹਨ-ਲਿਖਣ ਅਤੇ ਤਰੱਕੀ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਧੀਆਂ ਨੂੰ ਪਾਲ-ਪੋਸ ਕੇ ਕਾਬਲ ਬਣਾਉਣਾ ਹੀ ਸਮਾਜ ਦੀ ਅਸਲ ਜ਼ਿੰਮੇਵਾਰੀ ਹੈ।
ਧੀਆਂ ਨੂੰ ਨਾ ਚਾਹੁਣ ਵਾਲੇ ਅੱਜ ਗਲੀਆਂ ’ਚ ਭਾਲਣਗੇ ਕੰਜਕਾਂ
ਦੁਰਗਾ ਅਸ਼ਟਮੀ ਮੌਕੇ ਅੱਜ ਦੇਸ਼ ਭਰ ਵਿੱਚ ਕੰਜਕ ਪੂਜਨ ਕੀਤਾ ਜਾਵੇਗਾ। ਇਸ ਮੌਕੇ ਸਮਾਜਿਕ ਸ਼ਖ਼ਸੀਅਤਾਂ ਨੇ ਕਿਹਾ ਕਿ ਕੰਜਕ ਪੂਜਨ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਧੀਆਂ ਦਾ ਸਤਿਕਾਰ ਹਰ ਰੋਜ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁੱਤਰ ਦੀ ਚਾਹਤ ਵਿੱਚ ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲੇ ਲੋਕ ਵੀ ਅੱਜ ਕੰਜਕਾਂ ਦੀ ਭਾਲ ਕਰਨਗੇ। ਧੀਆਂ ਨੂੰ ਪਿਆਰ, ਸਤਿਕਾਰ ਅਤੇ ਬਰਾਬਰ ਦੇ ਅਧਿਕਾਰ ਦੇਣ ਦੇ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਤਰੱਕੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।