- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸ ਕਰ ਪ੍ਰਮਾਤਮਾ,ਬਰਸਾਤ ਤੇ ਗੜੇਮਾਰੀ ਨਾਲ ਟੁੱਟੇ ਕਿਸਾਨ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਅੰਦਰ ਹੋਈ ਅਚਾਨਕ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਵਾਢੀ ਤੋਂ ਠੀਕ ਪਹਿਲਾਂ ਆਈ ਬਰਸਾਤ ਕਾਰਨ ਕਣਕ ਦੀ ਤਿਆਰ ਖੜੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਕਿਸਾਨ ਗੰਭੀਰ ਚਿੰਤਾ ਵਿੱਚ ਡੁੱਬ ਗਏ ਹਨ। ਕਈ ਪਿੰਡਾਂ ਵਿੱਚ ਤੇਜ਼ ਹਵਾਵਾਂ ਨਾਲ ਗੜੇ ਪੈਣ ਕਾਰਨ ਕਣਕ ਦੀ ਫ਼ਸਲ ਜ਼ਮੀਨ ‘ਤੇ ਲੇਟ ਗਈ ਹੈ। ਕਿਸਾਨਾਂ ਮੁਤਾਬਕ ਇਸ ਨੁਕਸਾਨ ਨਾਲ ਉਪਜ ’ਤੇ ਸਿੱਧਾ ਅਸਰ ਪਵੇਗਾ ਅਤੇ ਆਰਥਿਕ ਹਾਨੀ ਹੋਵੇਗੀ।
ਫਾਜ਼ਿਲਕਾ ਜ਼ਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਨੇ ਕਰਵਟ ਲਈ ਹੈ। ਫਾਜ਼ਿਲਕਾ ਜ਼ਿਲ੍ਹੇ ਅੰਦਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਨਾਲ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ। ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਹੈ ਅਤੇ ਵਾਢੀ ਸ਼ੁਰੂ ਹੋਣ ਵਾਲੀ ਹੈ। ਸੋਮਵਾਰ ਤੋਂ ਮੌਸਮ ਖ਼ਰਾਬ ਚੱਲ ਰਾਹ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਅੱਜ ਸ਼ੁਕਰਵਾਰ ਨੂੰ ਫਿਰ ਅਚਾਨਕ ਮੌਸਮ ਬਦਲ ਗਿਆ।ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ। ਇੱਕ ਪਲ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ। ਨੇੜਲੇ ਕਈ ਪਿੰਡਾਂ ਵਿੱਚ ਵੀ ਗੜੇਮਾਰੀ ਹੋਈ, ਜਿਸ ਕਾਰਨ ਕੁਝ ਪਿੰਡ ਸੁੱਕੇ ਪਏ। ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਗੜੇਮਾਰੀ ਦਾ ਭਾਰੀ ਨੁਕਸਾਨ ਹੋਇਆ। ਪਿੰਡ ਰੰਗੀਲਾ ਦੇ ਕਿਸਾਨ ਬਲਬੀਰ ਸਿੰਘ, ਰਾਜਨਪ੍ਰੀਤ ਸਿੰਘ, ਸਿਮਰਨ ਸਿੰਘ, ਗੁਰਏਕਮ ਸਿੰਘ ਸੈਣੀ ਨੇ ਧਰਤੀ ਤੇ ਵਿਛੀ ਕਣਕ ਦੀ ਫਸਲ ਨੂੰ ਦਿਖਾਉਂਦਿਆਂ ਹੋਇਆਂ ਕਿਹਾ ਕਿ ਪਿਛਲੇ ਦਿਨੀ ਆਈ ਤੇਜ਼ ਬਾਰਿਸ ਤੇ ਹਨੇਰੀ ਨੇ ਕਣਕਾਂ ਦੀਆਂ ਫਸਲਾ ਧਰਤੀ ਤੇ ਵਿਛਾ ਦਿੱਤੀਆਂ ਸਨ। ਪਰ ਹੁਣ ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਹੋਰ ਬਰਬਾਦ ਹੋ ਜਾਵੇਗੀ।
ਕਿਥੇ ਰੱਖਾਂ ਲੁਕੋ ਕੇ ਤੈਨੂੰ ਕਣਕੇ, ਰੁੱਤ ਬੇਈਮਾਨ ਹੋ ਗਈ
ਪ੍ਰਭਾਵਿਤ ਕਿਸਾਨ ਸਤਨਾਮ ਸਿੰਘ, ਗੁਰਪੀਤ ਸਿੰਘ, ਕਿਸਾਨ ਬਲਬੀਰ ਸਿੰਘ ਨੇ ਕਿਹਾ ਕਿ ਹਰ ਰੋਜ਼ ਖਰਾਬ ਮੌਸਮ ਦੇ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਪੁੱਤਾਂ ਵਾਂਗ ਕਿਸਾਨਾਂ ਵਲੋਂ ਪਾਲੀਆਂ ਕਣਕਾਂ ਦੀਆਂ ਫ਼ਸਲਾਂ ਖਰਾਬ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਧਰਤੀ 'ਤੇ ਬਾਰਿਸ਼ ਕਾਰਨ ਵਿਛੀਆਂ ਕਣਕਾਂ ਦੀਆਂ ਫ਼ਸਲਾਂ ਥੱਲੋਂ ਕਾਲੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਕਣਕਾਂ ਦਾ ਝਾੜ ਦਿਨੋਂ-ਦਿਨ ਘੱਟ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅੰਕਲਨ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਟੀਮਾਂ ਭੇਜ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ : ਮੁੱਖ ਖੇਤੀਬਾੜੀ ਅਫਸਰ
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤਪਾਲ ਕੌਰ ਵੱਲੋਂ ਹਾਲ ਹੀ ਵਿੱਚ ਹੋਈ ਮੀਂਹ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਪਿੰਡਾਂ ਬੱਲੂਆਣਾ, ਵਜੀਤਪੁਰ ਕਟਿਆਵਾਲੀ, ਬੁਰਜ ਮੁਹਾਰ, ਝੂਮਿਆਵਾਲੀ, ਮੁੱਮੂ ਖੇੜਾ ਅਤੇ ਕਟਹੇੜਾ, ਢਾਣੀ ਮੱਗਰ ਸਿੰਘ, ਵਜੀਦਪੁਰ ਕੱਟੀਆਂ ਆਦਿ ਪਿੰਡਾਂ ਦੌਰਾ ਕੀਤਾ ਗਿਆ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਟੀਮਾਂ ਭੇਜ ਕੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇ ਜਿਸ ਨਾਲ ਨੁਕਸਾਨ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਅਗਲੇ ਕਦਮ ਚੁੱਕਣ।