ਜਲਾਲਾਬਾਦ ਦੀਆਂ ਖਸਤਾਹਾਲ ਸੜਕਾਂ ਨੇ ਖੋਲ੍ਹੀ ਵਿਕਾਸ ਦੇ ਦਾਵਿਆਂ ਦੀ ਪੋਲ
ਜਲਾਲਾਬਾਦ ਦੀਆਂ ਖਸਤਾਹਾਲ ਸੜਕਾਂ ਨੇ ਖੋਲ੍ਹੀ ਵਿਕਾਸ ਦੇ ਦਾਵਿਆਂ ਦੀ ਪੋਲ : ਕੈਪਟਨ ਗੁਰਚਰਨ ਸਿੰਘ ਸ਼ੌਰਿਆ ਚੱਕਰ
Publish Date: Fri, 05 Jun 2026 04:20 PM (IST)
Updated Date: Fri, 05 Jun 2026 04:20 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਚਰਨ ਸਿੰਘ ਸ਼ੌਰਿਆ ਚੱਕਰ ਨੇ ਜਲਾਲਾਬਾਦ ਖੇਤਰ ਦੀਆਂ ਖਸਤਾਹਾਲ ਸੜਕਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਇਲਾਕੇ ਵਿੱਚ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੌਜੂਦਾ ਹਾਲਤ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣੀ ਹੋਈ ਹੈ। ਕੈਪਟਨ ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਚੱਕ ਪੰਜ ਕੋਹੀ ਤੋਂ ਜਲਾਲਾਬਾਦ ਵੱਲ ਜਾ ਰਹੇ ਸਨ ਤਾਂ ਪਿੰਡ ਚੱਕ ਅਰਨੀਵਾਲਾ (ਕੱਟੀਆਂ) ਨੇੜੇ ਇੱਕ ਬਜ਼ੁਰਗ ਮਹਿਲਾ ਨੂੰ ਦਿਵਿਆਂਗ ਬੱਚੀ ਨਾਲ ਮੋਪੇਡ ਤੇ ਸਫ਼ਰ ਕਰਦਿਆਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਸੜਕ ਦੀ ਹਾਲਤ ਦਾ ਨਿਰੀਖਣ ਕੀਤਾ, ਜਿੱਥੇ ਥਾਂ-ਥਾਂ ਡੂੰਘੇ ਖੱਡੇ ਅਤੇ ਬਰਸਾਤੀ ਪਾਣੀ ਭਰਿਆ ਹੋਇਆ ਮਿਲਿਆ। ਉਨ੍ਹਾਂ ਕਿਹਾ ਕਿ ਖ਼ਰਾਬ ਸੜਕਾਂ ਕਾਰਨ ਦੋਪਹੀਆ ਵਾਹਨ ਚਾਲਕਾਂ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਵੀ ਉਨ੍ਹਾਂ ਨੂੰ ਦੱਸਿਆ ਕਿ ਪਿੰਡਾਂ ਨੂੰ ਜੋੜਨ ਵਾਲੀਆਂ ਕਈ ਸੜਕਾਂ ਲੰਬੇ ਸਮੇਂ ਤੋਂ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ। ਭਾਜਪਾ ਆਗੂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਾਲਾਬਾਦ ਦੌਰੇ ਦੌਰਾਨ ਵਿਕਾਸ ਕਾਰਜਾਂ ਅਤੇ ਨਵੀਆਂ ਸੜਕਾਂ ਦੇ ਉਦਘਾਟਨਾਂ ਦੇ ਦਾਅਵੇ ਕੀਤੇ ਸਨ, ਪਰ ਮੌਜੂਦਾ ਹਾਲਾਤ ਇਨ੍ਹਾਂ ਦਾਵਿਆਂ ਦੀ ਪੋਲ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕ ਟੁੱਟੀਆਂ ਸੜਕਾਂ ਅਤੇ ਖੱਡਿਆਂ ਕਾਰਨ ਰੋਜ਼ਾਨਾ ਖਤਰਾ ਮੋਲ ਲੈ ਕੇ ਸਫ਼ਰ ਕਰਨ ਲਈ ਮਜਬੂਰ ਹੋਣ ਤਾਂ ਵਿਕਾਸ ਦੇ ਦਾਅਵੇ ਬੇਮਾਇਨੇ ਹੋ ਜਾਂਦੇ ਹਨ। ਕੈਪਟਨ ਗੁਰਚਰਨ ਸਿੰਘ ਸ਼ੌਰਿਆ ਚੱਕਰ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਜਲਾਲਾਬਾਦ ਤੋਂ ਚੱਕ ਪੰਜ ਕੋਹੀ ਵਾਟਰ ਵਰਕਸ ਤੱਕ ਦੀਆਂ ਸੜਕਾਂ ਅਤੇ ਪੁਲੀਆਂ ਦੀ ਜਲਦ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।