ਜਲਾਲਾਬਾਦ ਨਗਰ ਕੌਂਸਲ ਚੋਣਾਂ : ਸੁਖਬੀਰ ਬਾਦਲ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰ, ‘ਲੈਂਡ ਪੂਲਿੰਗ ਨੀਤੀ’ ਨੂੰ ਲੈ ਕੇ ਸਰਕਾਰ ’ਤੇ ਵਰ੍ਹੇ ਜਲਾਲਾਬਾਦ ਨਗਰ ਕੌਂਸਲ ਚੋਣਾਂ: ਸੁਖਬੀਰ ਬਾਦਲ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰ, 'ਲੈਂਡ ਪੂਲਿੰਗ ਨੀਤੀ' ਨੂੰ ਲੈ ਕੇ ਸਰਕਾਰ 'ਤੇ ਵਰ੍ਹੇ
Publish Date: Thu, 02 Jul 2026 06:52 PM (IST)
Updated Date: Thu, 02 Jul 2026 06:53 PM (IST)
- ਜਲਾਲਾਬਾਦ ਦੇ ਲੋਕ ‘ਆਪ’ ਤੋਂ ਦੁਖੀ, ਵੋਟਾਂ ਨਾਲ ਦੇਣਗੇ ਜਵਾਬ : ਸੁਖਬੀਰ ਬਾਦਲ ਹੈਪੀ ਕਾਠਪਾਲ/ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਵਿਸ਼ੇਸ਼ ਤੌਰ ਤੇ ਜਲਾਲਾਬਾਦ ਪਹੁੰਚੇ। ਉਨ੍ਹਾਂ ਨੇ ਸਥਾਨਕ ਆਗੂ ਅਸ਼ੋਕ ਅਨੇਜਾ ਦੇ ਨਿਵਾਸ ਤੇ ਦੁਪਹਿਰ ਦਾ ਭੋਜਨ ਕਰਨ ਉਪਰੰਤ ਵੱਖ-ਵੱਖ ਵਾਰਡਾਂ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ। ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਾਲਾਬਾਦ ਦੇ ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਪਿਆਰ ਅਤੇ ਸਮਰਥਨ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿੱਚ ਲੋਕ ਆਪਣਾ ਫ਼ੈਸਲਾ ਵੋਟ ਰਾਹੀਂ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜਲਾਲਾਬਾਦ ਅਤੇ ਇਲਾਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਇੱਕ ਵਾਰ ਫਿਰ ਅਕਾਲੀ ਦਲ ਦੀ ਅਗਵਾਈ ਹੇਠ ਸਥਾਨਕ ਸੰਸਥਾਵਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਉਤਸ਼ਾਹਿਤ ਹਨ। ਸੁਖਬੀਰ ਬਾਦਲ ਨੇ ਕਿਹਾ, ਜਲਾਲਾਬਾਦ ਮੇਰਾ ਆਪਣਾ ਘਰ ਹੈ ਅਤੇ ਇੱਥੋਂ ਦੇ ਲੋਕ ਮੇਰਾ ਪਰਿਵਾਰ ਹਨ। ਮੈਂ ਹਮੇਸ਼ਾ ਇਸ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਰਿਹਾ ਹਾਂ। ਉਨ੍ਹਾਂ ਪਾਰਟੀ ਉਮੀਦਵਾਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਡਰ ਤੋਂ ਬਿਨਾਂ ਚੋਣ ਲੜਨ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਅਤੇ ਵਰਕਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਸੋਧੀ ਹੋਈ ਲੈਂਡ ਪੂਲਿੰਗ ਸਕੀਮ ਦੇ ਨਾਂ ਤੇ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪੁਰਾਣੀ ਨੀਤੀ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਤੋਂ ਇਲਾਵਾ ਕੁਝ ਨਹੀਂ ਅਤੇ ਇਸ ਨਾਲ ਕਿਸਾਨਾਂ ਨੂੰ ਕੋਈ ਵੱਡਾ ਲਾਭ ਨਹੀਂ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਨੀਤੀ ਦੇ ਵਿਰੋਧ ਵਿੱਚ ਸੂਬਾ ਪੱਧਰ ਤੇ ਵੱਡਾ ਜਨ ਅੰਦੋਲਨ ਸ਼ੁਰੂ ਕਰੇਗਾ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਭਵ ਸੰਘਰਸ਼ ਲੜੇਗਾ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ, ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਅਨੇਜਾ, ਪੀ.ਏ. ਸਤਿੰਦਰਜੀਤ ਸਿੰਘ ਮੰਟਾ , ਲਾਡੀ ਧਵਨ, ਬਲਜੀਤ ਕਪੂਰ, ਬਿੱਲੂ ਦੁਮਰਾ, ਸੀਨੀਅਰ ਅਕਾਲੀ ਆਗੂ ਬੱਬੂ ਜੈਮਲ ਵਾਲਾ, ਸਾਬਕਾ ਚੇਅਰਮੈਨ ਲਖਬੀਰ ਸਿੰਘ ਰੋਹੀਵਾਲਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਅਤੇ ਵਰਕਰ ਹਾਜ਼ਰ ਸਨ।