ਸਾਢੇ 3 ਕਰੋੜ ਦੀ ਲਾਗਤ ਨਾਲ ਬਣੇ ਪੁਲ ਦਾ ਉਦਘਾਟਨ ਢਾਣੀ ਨੱਥਾ ਸਿੰਘ ਵਿਖੇ ਸਾਢੇ 3 ਕਰੋੜ ਦੀ ਲਾਗਤ ਨਾਲ ਬਣੇ ਪੁੱਲ ਦਾ ਵਿਧਾਇਕ ਗੋਲਡੀ ਕੰਬੋਜ ਨੇ ਕੀਤਾ ਉਦਘਾਟਨ
Publish Date: Fri, 20 Nov 2026 05:31 PM (IST)
Updated Date: Sat, 21 Nov 2026 04:01 AM (IST)
ਵਿਧਾਇਕ ਗੋਲਡੀ ਕੰਬੋਜ ਨੇ ਕੀਤਾ ਉਦਘਾਟਨ 79 ਸਾਲ ਪੁਰਾਣੀ ਮੰਗ ਹੋਈ ਪੂਰੀ, 10 ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਰਾਹਤ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਵਿਧਾਇਕ ਦਾ ਕੀਤਾ ਧੰਨਵਾਦ ਹੈਪੀ ਕਾਠਪਾਲ. ਪੰਜਾਬੀ ਜਾਗਰਣ, ਜਲਾਲਾਬਾਦ : ਹਲਕਾ ਜਲਾਲਾਬਾਦ ਦੇ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ ਵਿਖੇ ਲਗਭਗ ਸਾਢੇ 3 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਪੁੱਲ ਦਾ ਉਦਘਾਟਨ ਵਿਧਾਇਕ ਜਲਾਲਾਬਾਦ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕੀਤਾ। ਪੁੱਲ ਲੋਕਾਂ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੁਣ ਪੂਰੀ ਹੋ ਗਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕੀਤਾ। ਵਿਧਾਇਕ ਗੋਲਡੀ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਢਾਣੀ ਨੱਥਾ ਸਿੰਘ ਦੇ ਲੋਕਾਂ ਦੀ ਇਹ 79 ਸਾਲ ਪੁਰਾਣੀ ਮੰਗ ਸੀ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਇਕ ਬਣਨ ਲਈ ਟਿਕਟ ਦਿੱਤੀ ਗਈ ਸੀ, ਉਸ ਸਮੇਂ ਉਹ ਪਿੰਡ ਵਾਸੀਆਂ ਨੂੰ ਮਿਲਣ ਪਹੁੰਚੇ ਸਨ, ਜਿੱਥੇ ਲੋਕਾਂ ਨੇ ਦਰਿਆ ਉੱਤੇ ਪੁੱਲ ਬਣਾਉਣ ਦੀ ਮੰਗ ਰੱਖੀ ਸੀ। ਇਸ ਮੰਗ ਨੂੰ ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਤਰਜੀਹ ਦੇ ਆਧਾਰ ਤੇ ਰੱਖੇ ਤਿੰਨ ਵਿਕਾਸ ਕਾਰਜਾਂ ਵਿੱਚ ਸ਼ਾਮਲ ਕੀਤਾ ਸੀ, ਜਿਸ ਦਾ ਕੰਮ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਪੁੱਲ ਦੇ ਬਣਨ ਨਾਲ ਪਿੰਡ ਢਾਣੀ ਨੱਥਾ ਸਿੰਘ ਸਮੇਤ ਆਸ-ਪਾਸ ਦੇ ਕਰੀਬ 10 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਪਿੰਡਾਂ ਦੇ ਕਈ ਲੋਕਾਂ ਦੀਆਂ ਜ਼ਮੀਨਾਂ ਦਰਿਆ ਦੇ ਦੂਜੇ ਪਾਸੇ ਹਨ, ਜਿੱਥੇ ਪਹਿਲਾਂ ਲੋਕ ਕਿਸ਼ਤੀਆਂ ਰਾਹੀਂ ਜਾਂਦੇ ਸਨ। ਖ਼ਾਸ ਕਰਕੇ ਹੜ੍ਹਾਂ ਦੌਰਾਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਨਵੇਂ ਪੁੱਲ ਰਾਹੀਂ ਉਹ ਆਸਾਨੀ ਨਾਲ ਆਪਣੀਆਂ ਜ਼ਮੀਨਾਂ ਅਤੇ ਆਸ-ਪਾਸ ਦੇ ਪਿੰਡਾਂ ਤੱਕ ਪਹੁੰਚ ਸਕਣਗੇ। ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਹ ਮੋਟਰਸਾਈਕਲਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਸਿੱਧੇ ਪੁੱਲ ਤੋਂ ਲੰਘ ਸਕਦੇ ਹਨ। ਪਹਿਲਾਂ ਪਾਣੀ ਦਾ ਪੱਧਰ ਵਧਣ ਜਾਂ ਹੜ੍ਹਾਂ ਦੇ ਸਮੇਂ ਪਿੰਡ ਦਾ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਸੀ, ਪਰ ਹੁਣ ਨਵੇਂ ਪੁੱਲ ਕਾਰਨ ਬੱਚੇ ਵੀ ਨਿਰੰਤਰ ਸਕੂਲ ਜਾ ਸਕਣਗੇ। ਪਿੰਡ ਵਾਸੀਆਂ ਨੇ ਇਸ ਵਿਕਾਸ ਕਾਰਜ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਗੋਲਡੀ ਕੰਬੋਜ ਦਾ ਧੰਨਵਾਦ ਕੀਤਾ। ਇਸ ਮੌਕੇ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਬਲਾਕ ਪ੍ਰਧਾਨ ਮੁਖਤਿਆਰ ਸਿੰਘ, ਪੰਚ ਗੁਰਮੇਜ ਸਿੰਘ, ਪ੍ਰਵੀਨ ਕੌਰ, ਪਰਮਜੀਤ ਕੌਰ, ਸ਼ਿੰਦੋ ਬਾਈ ਅਤੇ ਨਿਸ਼ਾਨ ਸਿੰਘ ਸਮੇਤ ਹੋਰ ਹਾਜ਼ਰ ਸਨ।