ਜਲਾਲਾਬਾਦ ਨੂੰ ਜਲਦੀ ਮਿਲ ਸਕਦੀ ਹੈ ਵੱਡੀ ਸੌਗਾਤ! ਵਿਧਾਇਕ ਗੋਲਡੀ ਨੇ ਵਿਧਾਨ ਸਭਾ 'ਚ ਉੱਠਾਈ ‘ਮਹਿਲਾ ਹੱਟ’ ਬਣਾਉਣ ਦੀ ਜ਼ੋਰਦਾਰ ਮੰਗ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਲਾਲਾਬਾਦ ਸ਼ਹਿਰ ਵਿੱਚ ਮਹਿਲਾਵਾਂ ਲਈ ‘ਮਹਿਲਾ ਹੱਟ’ ਬਣਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਬਣਨ ਨਾਲ ਇਲਾਕੇ ਦੀਆਂ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਤਮਨਿਰਭਰ ਬਣਨ ਲਈ ਵਧੀਆ ਮੌਕਾ ਮਿਲੇਗਾ।
Publish Date: Fri, 07 Aug 2026 04:18 PM (IST)
Updated Date: Fri, 07 Aug 2026 04:19 PM (IST)
ਹੈਪੀ ਕਾਠਪਾਲ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਲਾਲਾਬਾਦ ਸ਼ਹਿਰ ਵਿੱਚ ਮਹਿਲਾਵਾਂ ਲਈ ‘ਮਹਿਲਾ ਹੱਟ’ ਬਣਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਬਣਨ ਨਾਲ ਇਲਾਕੇ ਦੀਆਂ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਤਮਨਿਰਭਰ ਬਣਨ ਲਈ ਵਧੀਆ ਮੌਕਾ ਮਿਲੇਗਾ।
ਵਿਧਾਇਕ ਗੋਲਡੀ ਕੰਬੋਜ ਦੇ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਜਲਾਲਾਬਾਦ ਵਿੱਚ ਮਹਿਲਾ ਹਾਟ ਬਣਾਉਣ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਤਜਵੀਜ਼ ਪ੍ਰਾਪਤ ਹੋਈ ਹੈ, ਜੋ ਇਸ ਸਮੇਂ ਵਿਭਾਗ ਵਿੱਚ ਵਿਚਾਰ ਅਧੀਨ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਇਕ ਗੋਲਡੀ ਕੰਬੋਜ ਵੱਲੋਂ ਜਲਾਲਾਬਾਦ ਵਿੱਚ ਮਹਿਲਾਵਾਂ ਲਈ ਮਹਿਲਾ ਹੱਟ ਬਣਾਉਣ ਦੀ ਮੰਗ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਜਲਾਲਾਬਾਦ ਵਿੱਚ 46 ਸ਼ੋਅਰੂਮ ਬਣਾਉਣ ਦੀ ਯੋਜਨਾ ਹੈ, ਜਿੱਥੇ ਮਹਿਲਾਵਾਂ ਬੁਟੀਕ ਸਮੇਤ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕਰ ਸਕਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟ ਨੂੰ ਜਲਦ ਅਮਲੀ ਰੂਪ ਦੇਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੋਵੇਗਾ, ਜੋ ਜਲਾਲਾਬਾਦ ਸ਼ਹਿਰ ਵਿੱਚ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਮਹਿਲਾ ਹੱਟ ਵਿੱਚ ਬਣਨ ਵਾਲੇ 46 ਸ਼ੋਅਰੂਮਾਂ ਵਿੱਚ ਮਹਿਲਾਵਾਂ ਆਪਣੀ ਪਸੰਦ ਦਾ ਕਾਰੋਬਾਰ ਕਰ ਸਕਣਗੀਆਂ, ਜਿਸ ਵਿੱਚ ਬੁਟੀਕ ਤੋਂ ਇਲਾਵਾ ਹੋਰ ਕਾਰੋਬਾਰ ਵੀ ਸ਼ਾਮਲ ਹਨ। ਵਿਧਾਇਕ ਨੇ ਇਸ ਪ੍ਰਾਜੈਕਟ ਲਈ ਪੁੱਡਾ ਅਤੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾ ਹੱਟ ਦੇ ਨਿਰਮਾਣ ਨਾਲ ਜਲਾਲਾਬਾਦ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਿਆ ਜਾਵੇਗਾ।