ਥਾਣਾ ਸਿਟੀ ਜਲਾਲਾਬਾਦ ਬਲਾਸਟ ਨਿਕਲਿਆ ਗ੍ਰੇਨੇਡ ਹਮਲਾ , ਦੋ ਗ੍ਰਿਫ਼ਤਾਰ ਥਾਣਾ ਸਿਟੀ ਜਲਾਲਾਬਾਦ ਬਲਾਸਟ ਨਿਕਲਿਆ ਗ੍ਰੇਨੇਡ ਹਮਲਾ , ਦੋ ਗ੍ਰਿਫ਼ਤਾਰ
Publish Date: Mon, 14 Sep 2026 04:34 PM (IST)
Updated Date: Mon, 14 Sep 2026 04:38 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਘਟਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਡੀਆਈਜੀ ਸਨੇਹਦੀਪ ਸ਼ਰਮਾ ਤੇ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 13 ਸਤੰਬਰ ਨੂੰ ਥਾਣਾ ਸਿਟੀ ਜਲਾਲਾਬਾਦ ਦੇ ਮੇਨ ਗੇਟ ਤੋਂ ਸਾਂਝ ਕੇਂਦਰ ਵੱਲ ਜਾਂਦੇ ਕੱਚੇ ਰਸਤੇ ’ਤੇ ਮਾਲ ਮੁਕੱਦਮਾ ਨਾਲ ਸਬੰਧਤ ਕੁਝ ਪੁਰਾਣੇ ਵਾਹਨ ਖੜ੍ਹੇ ਸਨ। ਇਨ੍ਹਾਂ ਵਿੱਚੋਂ ਕੁਝ ਵਾਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਅਤੇ ਕੱਚ ਖਿੱਲਰਿਆ ਮਿਲਿਆ। ਇਸ ਤੋਂ ਇਲਾਵਾ ਕੁਝ ਵਾਹਨਾਂ ਵਿੱਚ ਕਿਸੇ ਨੁਕੀਲੀ ਚੀਜ਼ ਨਾਲ ਕੀਤੇ ਗਏ ਛੇਦ ਵੀ ਪਾਏ ਗਏ, ਜਿਸ ਕਾਰਨ ਪੁਲਿਸ ਵੱਲੋਂ ਇਸ ਖੇਤਰ ਵਿੱਚ ਧਮਾਕਾ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਐਕਸਪਲੋਸਿਵ ਸਬਸਟੈਂਸਿਜ਼ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਤਿੰਦਰ ਕੁਮਾਰ ਅਤੇ ਡੀਐੱਸਪੀ ਸਥਾਨਕ ਲਵਦੀਪ ਸਿੰਘ (ਵਾਧੂ ਚਾਰਜ ਡੀਐੱਸਪੀ ਸਬ-ਡਵੀਜ਼ਨ ਜਲਾਲਾਬਾਦ) ਦੀ ਨਿਗਰਾਨੀ ਹੇਠ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ.ਆਈ.ਏ. ਤੇ ਇੰਸਪੈਕਟਰ ਮੋਹਿਤ ਧਵਨ ਥਾਣਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਪੁਲਿਸ ਨੇ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਦੋ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ, ਥਾਣਾ ਸਦਰ ਜਲਾਲਾਬਾਦ ਅਤੇ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਘੁਬਾਇਆ, ਥਾਣਾ ਸਦਰ ਜਲਾਲਾਬਾਦ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਾਜ਼ਿਲਕਾ ਪੁਲਿਸ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।