ਆਜ਼ਾਦੀ ਦਿਵਸ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵੱਲੋਂ ਸ਼ਾਨਦਾਰ ਤਿਰੰਗਾ ਰਨ ਆਜ਼ਾਦੀ ਦਿਵਸ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵੱਲੋਂ ਸ਼ਾਨਦਾਰ ਤਿਰੰਗਾ ਰਨ
Publish Date: Sun, 16 Aug 2026 06:18 PM (IST)
Updated Date: Sun, 16 Aug 2026 06:20 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਸੁਤੰਤਰਤਾ ਦਿਵਸ ਦੇ ਪਾਵਨ ਮੌਕੇ ’ਤੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵੱਲੋਂ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਫਿਟਨੈੱਸ ਦਾ ਸੰਦੇਸ਼ ਦਿੰਦੇ ਹੋਏ 5 ਕਿਲੋਮੀਟਰ ਤਿਰੰਗਾ ਰਨ ਦਾ ਆਯੋਜਨ ਕੀਤਾ ਗਿਆ। ਹੱਥਾਂ ਵਿੱਚ ਤਿਰੰਗਾ ਲੈ ਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ, ਖਿਡਾਰੀਆਂ, ਰਨਰਜ਼ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਇਸ ਦੌੜ ਵਿੱਚ ਭਾਗ ਲਿਆ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਅਤੇ ਨਗਰ ਨਿਗਮ ਅਬੋਹਰ ਦੀ ਮੇਅਰ ਪੂਜਾ ਵਧਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਖਾਸ ਗੱਲ ਇਹ ਰਹੀ ਕਿ ਵਿਧਾਇਕ ਸੰਦੀਪ ਜਾਖੜ ਸਿਰਫ਼ ਪ੍ਰੋਗਰਾਮ ਵਿੱਚ ਸ਼ਾਮਲ ਹੀ ਨਹੀਂ ਹੋਏ, ਸਗੋਂ ਉਨ੍ਹਾਂ ਨੇ ਪ੍ਰਤੀਭਾਗੀਆਂ ਦੇ ਨਾਲ ਪੂਰੀ 5 ਕਿਲੋਮੀਟਰ ਤਿਰੰਗਾ ਰਨ ਵਿੱਚ ਖੁਦ ਦੌੜ ਕੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਦੇ ਨਾਲ ਦੌੜਦੇ ਪ੍ਰਤੀਭਾਗੀਆਂ ਵਿੱਚ ਵੀ ਖਾਸਾ ਜੋਸ਼ ਦੇਖਣ ਨੂੰ ਮਿਲਿਆ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਸੁਤੰਤਰਤਾ ਦਿਵਸ ਸਿਰਫ਼ ਇੱਕ ਰਾਸ਼ਟਰੀ ਤਿਉਹਾਰ ਨਹੀਂ, ਸਗੋਂ ਉਨ੍ਹਾਂ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਹੈ, ਜਿਨ੍ਹਾਂ ਦੇ ਬਲੀਦਾਨ ਸਦਕਾ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਤਿਰੰਗਾ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨਾਲ 5 ਕਿਲੋਮੀਟਰ ਤਿਰੰਗਾ ਰਨ ਵਿੱਚ ਦੌੜਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਵਿਧਾਇਕ ਜਾਖੜ ਨੇ ਤਿਰੰਗਾ ਰਨ ਨੂੰ ਸਫਲ ਬਣਾਉਣ ਲਈ ਟੀਮ ਐੱਸ.ਜੇ. ਦੇ ਮੈਂਬਰ ਵਿਕਾਸ ਸਿੰਗਲਾ, ਜਾਖੜ ਟਰੱਸਟ, ਅਬੋਹਰ ਮੈਰਾਥਨ ਟੀਮ ਸਮੇਤ ਸਾਰੇ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਬੱਬੂ ਓਸ਼ੋ, ਦੀਪਕ ਬਾਂਸਲ, ਕੋਚ ਸੁਭਾਸ਼ ਬਾਵਾ, ਕੋਚ ਰਾਧੇ ਅਰਮਾਨ, ਹਰਦੇਵ ਸਿੰਘ, ਜਤਿਨ ਸੋਨੀ, ਹਰਜੀਤ ਹਜ਼ਾਰਾ, ਵੀਰੇਂਦਰ ਤਨੇਜਾ, ਇੰਦਰ ਸ਼ਰਮਾ, ਮਨੀਸ਼ ਵਧਵਾ, ਲਵਲੀਨ ਸ਼ਰਮਾ ਅਤੇ ਕਰਨ ਬਲਾਨਾ ਆਪਣੀ ਟੀਮ ਸਮੇਤ ਪਹੁੰਚੇ। ਇਸ ਤੋਂ ਇਲਾਵਾ ਟੀਮ ਐੱਸ.ਜੇ., ਟੀਮ ਐੱਸ.ਜੇ. ਸ਼ਕਤੀ ਅਤੇ ਮੀਡੀਆ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।