ਫੌਜ ਨੇ ਇੱਕ ਸਾਲ ਪੁਰਾਣਾ ਸਰਵੇ ਕੀਤਾ ਰੱਦ, ਨਵੇਂ ਸਿਰੇ ਤੋਂ ਹੋਵੇਗਾ ਸਰਵੇ ਕਿਸਾਨਾਂ ਦੇ ਹਿੱਤ ਵਿੱਚ ਫੌਜ ਨੇ ਇੱਕ ਸਾਲ ਪੁਰਾਣਾ ਸਰਵੇ ਕੀਤਾ ਰੱਦ, ਹੁਣ ਨਵੇਂ ਸਿਰੇ ਤੋਂ ਹੋਵੇਗਾ ਸਰਵੇ
Publish Date: Fri, 04 Sep 2026 05:24 PM (IST)
Updated Date: Fri, 04 Sep 2026 05:25 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸਰਹੱਦੀ ਖੇਤਰ ਵਿੱਚ ਕਿਸਾਨਾਂ ਅਤੇ ਫੌਜ ਦਰਮਿਆਨ ਬਿਹਤਰ ਤਾਲਮੇਲ ਦੀ ਇੱਕ ਨਵੀਂ ਮਿਸਾਲ ਸਾਹਮਣੇ ਆਈ ਹੈ। ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਯਤਨਾਂ ਸਦਕਾ ਕਿਸਾਨ ਸੰਘਰਸ਼ ਕਮੇਟੀ ਅਤੇ ਫੌਜ ਵਿਚਕਾਰ ਡੈਮ ਦੇ ਨਿਰਮਾਣ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ ਹੁਣ ਸਰਹੱਦੀ ਖੇਤਰ ਦਾ ਨਵੇਂ ਸਿਰੇ ਤੋਂ ਸਰਵੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਫੌਜ ਵੱਲੋਂ ਲਗਭਗ ਇੱਕ ਸਾਲ ਦੀ ਮਿਹਨਤ ਅਤੇ ਸਮਾਂ ਲਗਾ ਕੇ ਤਿਆਰ ਕੀਤੇ ਗਏ ਪੁਰਾਣੇ ਸਰਵੇ ਨੂੰ ਕਿਸਾਨਾਂ ਦੇ ਹਿੱਤ ਵਿੱਚ ਛੱਡਣ ਦਾ ਫੈਸਲਾ ਕੀਤਾ ਗਿਆ ਹੈ। ਫੌਜ ਨੇ ਇਸ ਪ੍ਰਕਿਰਿਆ ਵਿੱਚ ਲੱਗੇ ਸਮੇਂ ਅਤੇ ਸਰੋਤਾਂ ਦੀ ਪਰਵਾਹ ਕੀਤੇ ਬਿਨਾਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਤਰਜੀਹ ਦਿੱਤੀ ਹੈ। ਹੁਣ ਨਵੇਂ ਸਿਰੇ ਤੋਂ ਕੀਤੇ ਜਾਣ ਵਾਲੇ ਸਰਵੇ ਦੌਰਾਨ ਕਿਸਾਨਾਂ ਦੀ ਜ਼ਮੀਨ ਅਤੇ ਉਨ੍ਹਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਅਤੇ ਕੌਮਾਂਤਰੀ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਵੀ ਸਰਵਉੱਚ ਤਰਜੀਹ ਦਿੱਤੀ ਜਾਵੇਗੀ। ਦੋਵਾਂ ਪੱਖਾਂ ਦਾ ਮਕਸਦ ਅਜਿਹਾ ਹੱਲ ਕੱਢਣਾ ਹੈ, ਜਿਸ ਨਾਲ ਕਿਸਾਨਾਂ ਦੇ ਹੱਕ ਸੁਰੱਖਿਅਤ ਰਹਿਣ ਅਤੇ ਸਰਹੱਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਹੋਵੇ। ਰਾਜਪਾਲ ਦੀ ਪਹਿਲ ਨਾਲ ਹੱਲ ਦੀ ਰਾਹ ਹੋਈ ਆਸਾਨ ਜ਼ਿਕਰਯੋਗ ਹੈ ਕਿ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਰਨ ਗਿਲਹੋਤਰਾ ਨਾਲ ਸੰਪਰਕ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਕਮੇਟੀ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਲੈ ਕੇ ਗਏ। ਰਾਜਪਾਲ ਖੁਦ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਫੌਜ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮਾਮਲੇ ਦੇ ਹੱਲ ਵੱਲ ਅੱਗੇ ਵਧਣ ਵਿੱਚ ਰਾਜਪਾਲ ਦੀ ਪਹਿਲ ਅਤੇ ਦਖ਼ਲ ਦੀ ਵੀ ਅਹਿਮ ਭੂਮਿਕਾ ਰਹੀ। ਇਸ ਪਹਿਲ ਤਹਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ ਕਿਸਾਨਾਂ ਅਤੇ ਫੌਜ ਵਿਚਕਾਰ ਬਿਹਤਰ ਸਹਿਯੋਗ ਅਤੇ ਦੇਸ਼ ਦੀ ਸੁਰੱਖਿਆ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਰਨ ਗਿਲਹੋਤਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਕਰਨ ਗਿਲਹੋਤਰਾ ਨੇ ਸੰਗਤ ਨਾਲ ਲੰਗਰ ਛਕਿਆ।