- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰੋੜਵੰਸ਼ ਭਵਨ ਫਾਜ਼ਿਲਕਾ ਵਿੱਚ ਕਾਂਗਰਸ ਦੀ ਅਹਿਮ ਮੀਟਿੰਗ, ਸੰਗਠਨ ਮਜ਼ਬੂਤੀ ਅਤੇ ਜਨ ਮੁੱਦਿਆਂ ’ਤੇ ਹੋਇਆ ਮੰਥਨ
ਪੰਜਾਬੀ ਜਾਗਰਣ ਰਿਪੋਰਟਰ, ਫਾਜ਼ਿਲਕਾ : ਕਾਂਗਰਸ ਸੰਗਠਨ ਸਿਰਜਣ ਮੁਹਿੰਮ ਤਹਿਤ ਫਾਜ਼ਿਲਕਾ ’ਚ ਕਾਂਗਰਸ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਅਗਵਾਈ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ, ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਅਤੇ ਬਲਾਕ ਕਾਂਗਰਸ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੇ ਕੀਤੀ। ਮੀਟਿੰਗ ਦੌਰਾਨ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ, ਬੂਥ ਪੱਧਰ ਤੱਕ ਵਰਕਰਾਂ ਨਾਲ ਤਾਲਮੇਲ ਵਧਾਉਣ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਰਗਰਮ ਕਰਨ ਅਤੇ ਆਉਣ ਵਾਲੀਆਂ ਰਾਜਨੀਤਕ ਚੁਣੌਤੀਆਂ ਲਈ ਸੰਗਠਨ ਨੂੰ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਵਰਕਰਾਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਸਥਾਨਕ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਦਾ ਸੱਦਾ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਲਵੀ ਨੇ ਆਪਸੀ ਮਤਭੇਦਾਂ ਨੂੰ ਪਿੱਛੇ ਛੱਡ ਕੇ ਸੰਗਠਨ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਅਤੇ ਆਮ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਸੱਦਾ ਦਿੱਤਾ। ਸਾਬਕਾ ਵਿਧਾਇਕ ਡਾ. ਰਿਣਵਾ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ’ਚ ਕਾਂਗਰਸ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸਿੱਧੂ ਨੇ ਕਿਹਾ ਕਿ ਸੰਗਠਨ ਦੀ ਹਰੇਕ ਇਕਾਈ ਨੂੰ ਸਰਗਰਮ ਬਣਾਉਂਦਿਆਂ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਇਆ ਜਾਵੇਗਾ। ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ ਤੇ ਬਲਾਕ ਕਾਂਗਰਸ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੇ ਵਰਕਰਾਂ ਨੂੰ ਸ਼ਹਿਰ ਦੇ ਹਰੇਕ ਵਾਰਡ ਵਿੱਚ ਲੋਕਾਂ ਨਾਲ ਸੰਪਰਕ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਪਾਰਟੀ ਪੱਧਰ ’ਤੇ ਉਠਾਉਣ ਦਾ ਸੱਦਾ ਦਿੱਤਾ। ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਨੇ ਵੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਆਗੂਆਂ ਅਤੇ ਨੌਜਵਾਨ ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਜਸਬੀਰ ਸਿੰਘ ਸੈਣੀ, ਅਸ਼ੋਕ ਕੰਬੋਜ, ਜਨਰਲ ਸਕੱਤਰ ਪਵਨ ਚਾਵਲਾ ਕਾਲਾ, ਉਪ ਪ੍ਰਧਾਨ ਰਮਨ ਸਚਦੇਵਾ, ਕੌਂਸਲਰ ਭਜਨ ਲਾਲ, ਕੌਂਸਲਰ ਜਸਪਾਲ ਬੱਚੀ, ਯੋਗੇਸ਼ ਸ਼ਰਮਾ, ਪਰਮਜੀਤ ਮਹੰਤ, ਸਾਬਕਾ ਕੌਂਸਲਰ ਪਾਲ ਚੰਦ ਵਰਮਾ, ਸੰਦੀਪ ਸੇਤੀਆ, ਸਤੀਸ਼ ਸਚਦੇਵਾ, ਮਾਸਟਰ ਰੋਸ਼ਨ ਲਾਲ ਭੁਸਰੀ, ਬੁਲਾਰੇ ਨਰੇਸ਼ ਸ਼ਰਮਾ, ਇੰਜੀ. ਅਮਰਜੀਤ ਸੰਧੂ, ਵਿਨੋਦ ਸਚਦੇਵਾ, ਨਰੇਸ਼ ਸੋਲੀਆ, ਬੰਟੀ ਬਸੇਟੀਆ, ਕਰਨੈਲ ਸਕੱਤਰ, ਕੇਵਲ ਸਚਦੇਵਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।