ਨੌਜਵਾਨ ਨੂੰ ਝੂਠੇ ਨਸ਼ਾ ਕੇਸ ’ਚ ਫਸਾਉਣਾ ਪਿਆ ਮਹਿੰਗਾ: ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, SSP ਦੇ ਸਖ਼ਤ ਹੁਕਮਾਂ ਦਾ ਅਸਰ
ਫਾਜ਼ਿਲਕਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਦੇ ਹੁਕਮਾਂ 'ਤੇ ਪੁਲਿਸ ਵਿਭਾਗ ਨੇ ਆਪਣੇ ਹੀ ਇੱਕ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਾਜ਼ਮ 'ਤੇ ਦੋਸ਼ ਹੈ ਕਿ ਉਸ ਨੇ ਇੱਕ ਨੌਜਵਾਨ ਦੀ ਗੱਡੀ ਵਿੱਚ ਨਸ਼ੀਲੀਆਂ ਗੋਲੀਆਂ ਰੱਖ ਕੇ ਉਸ ਨੂੰ ਝੂਠੇ ਨਸ਼ਾ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।
Publish Date: Tue, 28 Jul 2026 08:34 AM (IST)
Updated Date: Tue, 28 Jul 2026 08:38 AM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਫਾਜ਼ਿਲਕਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਦੇ ਹੁਕਮਾਂ 'ਤੇ ਪੁਲਿਸ ਵਿਭਾਗ ਨੇ ਆਪਣੇ ਹੀ ਇੱਕ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਾਜ਼ਮ 'ਤੇ ਦੋਸ਼ ਹੈ ਕਿ ਉਸ ਨੇ ਇੱਕ ਨੌਜਵਾਨ ਦੀ ਗੱਡੀ ਵਿੱਚ ਨਸ਼ੀਲੀਆਂ ਗੋਲੀਆਂ ਰੱਖ ਕੇ ਉਸ ਨੂੰ ਝੂਠੇ ਨਸ਼ਾ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਥਾਣਾ ਖੂਈਖੇੜਾ ਵਿੱਚ ਲੜਕਾ-ਲੜਕੀ ਦੇ ਵਿਵਾਦ ਨਾਲ ਸਬੰਧਤ ਇੱਕ ਮਾਮਲੇ ਦੀ ਜਾਂਚ ਦੌਰਾਨ ਤਾਇਨਾਤ ਪੁਲਿਸ ਮੁਲਾਜ਼ਮ ਕਰਨੈਲ ਸਿੰਘ ’ਤੇ ਦੋਸ਼ ਲੱਗੇ ਕਿ ਉਸ ਨੇ ਇੱਕ ਨੌਜਵਾਨ ਦੀ ਗੱਡੀ ਵਿੱਚ ਨਸ਼ੀਲੀਆਂ ਗੋਲੀਆਂ ਰੱਖਵਾ ਕੇ ਉਸ ਖ਼ਿਲਾਫ਼ ਕਾਰਵਾਈ ਕੀਤੀ।
ਮਾਮਲਾ ਐੱਸਐੱਸਪੀ ਗਗਨ ਅਜੀਤ ਸਿੰਘ ਦੇ ਧਿਆਨ ਵਿੱਚ ਆਉਣ 'ਤੇ ਉਨ੍ਹਾਂ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ। ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਕਰਨੈਲ ਸਿੰਘ ਨੂੰ ਇਸੇ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਐੱਸਐੱਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਇਸ ਤੋਂ ਪਹਿਲਾਂ ਵੀ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਪੁਲਿਸ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਐੱਸਐੱਸਪੀ ਨੇ ਦੁਹਰਾਇਆ ਕਿ ਨਸ਼ਿਆਂ ਨਾਲ ਜੁੜੇ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।