ਸਪੀਕਰ ਸੰਧਵਾਂ ਦੀ ਰਿਹਾਇਸ਼ ਦੇ ਘਿਰਾਓ ’ਚ ਸੈਂਕੜੇ ਮੁਲਾਜ਼ਮ ਤੇ ਪੈਨਸ਼ਨਰ ਹੋਣਗੇ ਸ਼ਾਮਲ 12 ਸਤੰਬਰ ਨੂੰ ਸਪੀਕਰ ਸੰਧਵਾਂ ਦੀ ਰਿਹਾਇਸ਼ ਦੇ ਘਿਰਾਓ ’ਚ ਫਾਜ਼ਿਲਕਾ ਤੋਂ ਸੈਂਕੜੇ ਮੁਲਾਜ਼ਮ ਤੇ ਪੈਨਸ਼ਨਰ ਹੋਣਗੇ ਸ਼ਾਮਲ
Publish Date: Fri, 04 Sep 2026 05:20 PM (IST)
Updated Date: Fri, 04 Sep 2026 05:22 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਮੁਲਾਜ਼ਮ ਮੰਚ ਤੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ’ਤੇ ਆਧਾਰਿਤ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਫੈਸਲਿਆਂ ਅਨੁਸਾਰ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਜ਼ਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਨਵੀਨਰ ਸਾਥੀ ਹਰਭਜਨ ਸਿੰਘ ਖੁੰਗਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਜ਼ਿਲ੍ਹਾ ਕਨਵੀਨਰ ਸਾਥੀ ਦਲਜੀਤ ਸਿੰਘ ਸਭਰਵਾਲ, ਸਤਨਾਮ ਚੰਦ ਕਬੋਜ, ਮਹਿੰਦਰ ਕੌੜਿਆ ਵਾਲੀ, ਬਲਰਾਮ ਪਾਵਰਕਾਮ, ਸੁਖਦੇਵ ਚੰਦ, ਰਾਜ ਕੰਵਰ ਦੀਵਾਨ, ਦੁਪਿੰਦਰ ਢਿੱਲੋਂ, ਸੁਭਾਸ਼ ਚੰਦਰ ਸ਼ਰਮਾ, ਮੱਖਣ ਲਾਲ ਅਤੇ ਗੁਰਕੀਰਤ ਨੇ ਸੰਬੋਧਨ ਕੀਤਾ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਸੂਬਾਈ ਕਮੇਟੀ ਵੱਲੋਂ 8 ਸਤੰਬਰ ਨੂੰ ਕਲਮ ਛੋੜ ਹੜਤਾਲ ਅਤੇ 12-13 ਸਤੰਬਰ 2026 ਨੂੰ ਮੰਤਰੀਆਂ ਅਤੇ ਸਪੀਕਰ ਦੀਆਂ ਰਿਹਾਇਸ਼ਾਂ ਦੇ ਘਿਰਾਓ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਤਹਿਤ 12 ਸਤੰਬਰ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਘਿਰਾਓ ਵਿੱਚ ਜ਼ਿਲ੍ਹਾ ਫਾਜ਼ਿਲਕਾ ਤੋਂ ਸੈਂਕੜੇ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 19-20 ਸਤੰਬਰ ਨੂੰ ਰਹਿੰਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਿਰਾਓ ਸਬੰਧੀ ਸੂਬਾਈ ਫੈਸਲੇ ਨੂੰ ਵੀ ਜ਼ਿਲ੍ਹੇ ਅੰਦਰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ 30 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵਿਧਾਨ ਸਭਾ ਦੇ 117 ਵਿਧਾਇਕਾਂ ਅਤੇ 13 ਸੰਸਦ ਮੈਂਬਰਾਂ ਤੋਂ ਜਵਾਬਤਲਬੀ ਕੀਤੀ ਜਾਵੇਗੀ। ਇਸੇ ਤਰ੍ਹਾਂ 10 ਅਕਤੂਬਰ 2026 ਨੂੰ ਸੰਗਰੂਰ ਵਿਖੇ ਹੋਣ ਵਾਲੀ ਰਾਜ ਪੱਧਰੀ ਮਹਾਂ ਰੈਲੀ ਵਿੱਚ ਫਾਜ਼ਿਲਕਾ ਜ਼ਿਲ੍ਹੇ ਤੋਂ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ 21-22 ਅਕਤੂਬਰ 2026 ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਹੜਤਾਲ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।