
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੰਕੜਿਆਂ ਵਿੱਚ ਲੁਧਿਆਣਾ 1,171 ਮਾਮਲਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ, ਜਦਕਿ ਬਠਿੰਡਾ ਵਿੱਚ 984 ਨਵੇਂ ਮਾਮਲੇ ਦਰਜ ਹੋਏ। ਅੰਮ੍ਰਿਤਸਰ ਵਿੱਚ 909, ਫਰੀਦਕੋਟ ਵਿੱਚ 691, ਫਿਰੋਜ਼ਪੁਰ ਵਿੱਚ 637, ਜਲੰਧਰ ਵਿੱਚ 618, ਪਟਿਆਲਾ ਵਿੱਚ 568 ਅਤੇ ਮੋਗਾ ਵਿੱਚ 532 ਮਾਮਲੇ ਸਾਹਮਣੇ ਆਏ।

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਵਿੱਚ ਐੱਚਆਈਵੀ ਦੇ ਨਵੇਂ ਮਾਮਲਿਆਂ ਨੂੰ ਲੈ ਕੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਫਾਜ਼ਿਲਕਾ ਦੇ ਆਰਟੀਆਈ ਕਾਰਕੁਨ ਰਾਜੇਸ਼ ਕੁਮਾਰ ਠਕਰਾਲ ਵੱਲੋਂ ਸੂਚਨਾ ਦਾ ਅਧਿਕਾਰ ਐਕਟ-2005 ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਦਿੱਤੇ ਅਧਿਕਾਰਤ ਅੰਕੜਿਆਂ ਅਨੁਸਾਰ 2017-18 ਤੋਂ 2025-26 ਤੱਕ ਨੌਂ ਵਿੱਤੀ ਸਾਲਾਂ ਦੌਰਾਨ ਸੂਬੇ ਵਿੱਚ 87,409 ਨਵੇਂ ਐੱਚਆਈਵੀ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
ਅੰਕੜਿਆਂ ਮੁਤਾਬਕ 2023-24 ਵਿੱਚ ਸਭ ਤੋਂ ਵੱਧ 13,130 ਨਵੇਂ ਮਾਮਲੇ ਦਰਜ ਹੋਏ। ਇਸ ਤੋਂ ਬਾਅਦ 2024-25 ਵਿੱਚ 11,364 ਅਤੇ 2025-26 ਵਿੱਚ 9,830 ਮਾਮਲੇ ਸਾਹਮਣੇ ਆਏ। 2017-18 ਵਿੱਚ ਨਵੇਂ ਮਾਮਲਿਆਂ ਦੀ ਗਿਣਤੀ 6,730 ਸੀ, ਜੋ 2018-19 ਵਿੱਚ ਵਧ ਕੇ 8,133 ਅਤੇ 2019-20 ਵਿੱਚ 10,587 ਹੋ ਗਈ। 2022-23 ਵਿੱਚ ਵੀ 11,950 ਨਵੇਂ ਮਾਮਲੇ ਦਰਜ ਕੀਤੇ ਗਏ।
ਲੁਧਿਆਣਾ ਤੇ ਬਠਿੰਡਾ ’ਚ ਸਭ ਤੋਂ ਵੱਧ ਮਾਮਲੇ
2025-26 ਦੇ ਜ਼ਿਲ੍ਹਾ-ਵਾਰ ਅੰਕੜਿਆਂ ਵਿੱਚ ਲੁਧਿਆਣਾ 1,171 ਮਾਮਲਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ, ਜਦਕਿ ਬਠਿੰਡਾ ਵਿੱਚ 984 ਨਵੇਂ ਮਾਮਲੇ ਦਰਜ ਹੋਏ। ਅੰਮ੍ਰਿਤਸਰ ਵਿੱਚ 909, ਫਰੀਦਕੋਟ ਵਿੱਚ 691, ਫਿਰੋਜ਼ਪੁਰ ਵਿੱਚ 637, ਜਲੰਧਰ ਵਿੱਚ 618, ਪਟਿਆਲਾ ਵਿੱਚ 568 ਅਤੇ ਮੋਗਾ ਵਿੱਚ 532 ਮਾਮਲੇ ਸਾਹਮਣੇ ਆਏ। ਫਾਜ਼ਿਲਕਾ ਵਿੱਚ ਵੀ ਇਸ ਸਾਲ 227 ਨਵੇਂ ਮਾਮਲੇ ਦਰਜ ਹੋਏ।
ਆਖਰੀ ਚਾਰ ਸਾਲਾਂ ’ਚ 5,139 ਕੇਸ ਵੱਧ
ਅੰਕੜਿਆਂ ਅਨੁਸਾਰ 2017-18 ਤੋਂ 2021-22 ਤੱਕ ਪੰਜ ਵਿੱਤੀ ਸਾਲਾਂ ਵਿੱਚ 41,135 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 2022-23 ਤੋਂ 2025-26 ਤੱਕ ਚਾਰ ਸਾਲਾਂ ਵਿੱਚ ਇਹ ਗਿਣਤੀ 46,274 ਰਹੀ। ਇਸ ਤਰ੍ਹਾਂ ਆਖਰੀ ਚਾਰ ਸਾਲਾਂ ਵਿੱਚ ਪਹਿਲੇ ਪੰਜ ਸਾਲਾਂ ਦੇ ਮੁਕਾਬਲੇ 5,139 ਮਾਮਲੇ ਵੱਧ ਦਰਜ ਕੀਤੇ ਗਏ ਹਨ।
ਨਸ਼ੀਲੀਆਂ ਸੂਈਆਂ ਤੋਂ ਬਚਣ ’ਤੇ ਜ਼ੋਰ
ਆਰਟੀਆਈ ਕਾਰਕੁਨ ਰਾਜੇਸ਼ ਕੁਮਾਰ ਠਕਰਾਲ ਨੇ ਕਿਹਾ ਕਿ ਐੱਚਆਈਵੀ ਤੋਂ ਬਚਾਅ ਲਈ ਨਸ਼ੀਲੀਆਂ ਸੂਈਆਂ ਦੀ ਸਾਂਝੀ ਵਰਤੋਂ ਤੋਂ ਬਚਣ, ਸੁਰੱਖਿਅਤ ਖੂਨ ਲੈਣ ਅਤੇ ਹਰ ਵਾਰ ਨਵੀਆਂ ਸੂਈਆਂ ਤੇ ਬਲੇਡ ਵਰਤਣ ਸਬੰਧੀ ਜਾਗਰੂਕਤਾ ਵਧਾਉਣ ਦੀ ਲੋੜ ਹੈ।