ਕੋਟਪਾ ਐਕਟ ਤਹਿਤ ਫਾਜ਼ਿਲਕਾ ਤੇ ਅਬੋਹਰ ’ਚ ਕੀਤੀ ਛਾਪੇਮਾਰੀ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਕੋਟਪਾ ਐਕਟ ਤਹਿਤ ਵਿਸ਼ੇਸ਼ ਮੁਹਿੰਮ, ਫਾਜ਼ਿਲਕਾ ਤੇ ਅਬੋਹਰ ਵਿੱਚ ਕੀਤੀ ਛਾਪੇਮਾਰੀ
Publish Date: Wed, 01 Jul 2026 04:57 PM (IST)
Updated Date: Wed, 01 Jul 2026 04:58 PM (IST)
ਦੀਪਕ ਕੁਮਾਰ ਡੀਕੇ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਕੋਟਪਾ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਗਈ ਇਸ ਮੁਹਿੰਮ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ-ਕਮ-ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਮਰਬੀਰ ਸਿੰਘ ਨੇ ਕੀਤੀ। ਟੀਮ ਇੰਚਾਰਜ ਫੂਡ ਸੇਫਟੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਤਹਿਤ ਫਾਜ਼ਿਲਕਾ ਅਤੇ ਅਬੋਹਰ ਦੇ ਤੰਬਾਕੂ ਅਤੇ ਪਾਨ ਮਸਾਲਾ ਹੋਲਸੇਲ ਵਿਕਰੇਤਾਵਾਂ ਦੇ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸ਼ੱਕੀ ਸਮੱਗਰੀ, ਜਿਵੇਂ ਪੰਨੀਆਂ, ਭੰਗ ਪੀਣ ਲਈ ਵਰਤੀਆਂ ਜਾਣ ਵਾਲੀਆਂ ਪਾਈਪਾਂ ਅਤੇ ਨਸ਼ਿਆਂ ਵਿੱਚ ਵਰਤੇ ਜਾਣ ਵਾਲੇ ਹੋਰ ਸਾਮਾਨ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਵਿਕਰੇਤਾਵਾਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾਣਗੇ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਸਮੱਗਰੀ ਦੀ ਵਰਤੋਂ ਨੌਜਵਾਨਾਂ ਵੱਲੋਂ ਨਸ਼ਿਆਂ ਲਈ ਕੀਤੀ ਜਾਂਦੀ ਹੈ, ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨਾਂ ਵਿੱਚ ਵੱਡੀ ਰੁਕਾਵਟ ਹੈ। ਹਰਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਬਣਾਉਣ ਅਤੇ ਕੋਟਪਾ ਐਕਟ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਨਤਕ ਥਾਵਾਂ ਤੇ ਤੰਬਾਕੂ ਸੇਵਨ ਕਰਨ ਵਾਲਿਆਂ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ ਹਰ ਤੰਬਾਕੂ ਉਤਪਾਦ ਦੇ ਪੈਕਟ ਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਚੇਤਾਵਨੀ ਤਸਵੀਰ ਅਤੇ ਤੰਬਾਕੂ ਦਰਦਨਾਕ ਮੌਤ ਅਤੇ ਕੈਂਸਰ ਦਾ ਕਾਰਨ ਬਣਦਾ ਹੈ ਲਿਖਿਆ ਹੋਣਾ ਲਾਜ਼ਮੀ ਹੈ। ਇਸ ਨਿਯਮ ਦੀ ਉਲੰਘਣਾ ਕਰਕੇ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੁੱਲ੍ਹੀ ਸਿਗਰਟ ਵੇਚਣਾ, ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਕਰਨਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ ਅਤੇ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨਾ ਵੀ ਕਾਨੂੰਨਨ ਦੰਡਨਯੋਗ ਅਪਰਾਧ ਹੈ। ਉਨ੍ਹਾਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਕੋਟਪਾ ਐਕਟ ਦੀ ਪਾਲਣਾ ਕਰਨ ਦੀ ਅਪੀਲ ਕੀਤੀ।