ਮਠਿਆਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ, ਸੈਂਪਲ ਭਰੇ ਦੀਵਾਲੀ ਤੋਂ ਪਹਿਲਾਂ ਫਾਜ਼ਿਲਕਾ ’ਚ ਮਠਿਆਈਆਂ ਦੀਆਂ ਦੁਕਾਨਾਂ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਖੋਆ ਮਠਿਆਈਆਂ ਦੇ ਸੈਂਪਲ ਭਰੇ
Publish Date: Tue, 03 Nov 2026 04:30 PM (IST)
Updated Date: Tue, 03 Nov 2026 04:32 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਫਾਜ਼ਿਲਕਾ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਤਿੰਨ ਦੁਕਾਨਾਂ ਦੀ ਜਾਂਚ ਕਰਦਿਆਂ ਖੋਆ ਆਧਾਰਿਤ ਮਠਿਆਈਆਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਜਾਂਚ ਲਈ ਫੂਡ ਲੈਬਾਰਟਰੀ ਭੇਜਿਆ ਗਿਆ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਨਿਰਦੇਸ਼ਾਂ ’ਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਨਿਗਰਾਨੀ ਹੇਠ ਅਤੇ ਐੱਸਡੀਐੱਮ ਫਾਜ਼ਿਲਕਾ ਜੁਗਰਾਜ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਕੀਤੀ ਗਈ। ਫੂਡ ਸੇਫਟੀ ਅਫ਼ਸਰ ਹਰਵਿੰਦਰ ਸਿੰਘ ਨੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ’ਤੇ ਪਹੁੰਚ ਕੇ ਜਾਂਚ ਕੀਤੀ। ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਮਠਿਆਈਆਂ ਨੂੰ ਢੱਕ ਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤਾਂ ਦੀ ਤਿਆਰੀ ਅਤੇ ਸਟੋਰੇਜ ਸਮੇਂ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਯਕੀਨੀ ਬਣਾਉਣ ਲਈ ਚੈਕਿੰਗ ਅਤੇ ਸੈਂਪਲਿੰਗ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਲਏ ਗਏ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।