ਤੀਰਅੰਦਾਜ਼ੀ ਵਿੱਚ ਗੁਰਕੰਵਲ ਨੇ ਜਿੱਤੇ ਤਿੰਨ ਤਮਗੇ ਤੀਰਅੰਦਾਜ਼ੀ ਵਿੱਚ ਗੁਰਕੰਵਲ ਨੇ ਜਿੱਤੇ ਤਿੰਨ ਤਮਗੇ, ਨੈਸ਼ਨਲ ਪੱਧਰ ਲਈ ਹੋਈ ਚੋਣ
Publish Date: Thu, 01 Oct 2026 04:35 PM (IST)
Updated Date: Fri, 02 Oct 2026 04:02 AM (IST)
ਨੈਸ਼ਨਲ ਪੱਧਰ ਲਈ ਹੋਈ ਚੋਣ ਨਵਜੋਤ ਸਿੰਘ, ਪੰਜਾਬੀ ਜਾਗਰਣ, ਮੰਡੀ ਅਰਨੀਵਾਲਾ : ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੀ ਹੋਣਹਾਰ ਵਿਦਿਆਰਥਣ ਗੁਰਕੰਵਲ ਨੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਮਗੇ ਆਪਣੇ ਨਾਮ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਨੈਸ਼ਨਲ ਪੱਧਰ ਦੇ ਤੀਰਅੰਦਾਜ਼ੀ ਮੁਕਾਬਲੇ ਲਈ ਚੋਣ ਹੋਈ ਹੈ। ਮੁਕਾਬਲੇ ਦੌਰਾਨ ਗੁਰਕੰਵਲ ਨੇ ਟੀਮ ਈਵੈਂਟ ਵਿੱਚ ਸੋਨੇ ਦਾ ਤਮਗਾ, 30 ਮੀਟਰ ਓਵਰਆਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਅਤੇ ਓਵਰਆਲ ਪ੍ਰਦਰਸ਼ਨ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਤਮਗੇ ਜਿੱਤਣਾ ਉਸਦੀ ਮਿਹਨਤ, ਨਿਰੰਤਰ ਅਭਿਆਸ, ਇਕਾਗਰਤਾ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਗੁਰਕੰਵਲ ਦੀ ਇਸ ਪ੍ਰਾਪਤੀ ’ਤੇ ਸਕੂਲ ਪ੍ਰਬੰਧਨ ਵੱਲੋਂ ਉਸਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਸਕੂਲ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਕਿਹਾ ਕਿ ਤੀਰਅੰਦਾਜ਼ੀ ਵਿਦਿਆਰਥੀਆਂ ਵਿੱਚ ਇਕਾਗਰਤਾ, ਧੀਰਜ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਸਹਾਇਕ ਹੈ। ਉਨ੍ਹਾਂ ਨੇ ਗੁਰਕੰਵਲ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਮੈਡਮ ਨੀਤੀ ਸਿੰਘ ਨੇ ਕਿਹਾ ਕਿ ਗੁਰਕੰਵਲ ਦੀ ਸਫਲਤਾ ਲਗਾਤਾਰ ਮਿਹਨਤ, ਅਭਿਆਸ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਤਿੰਨ ਤਮਗੇ ਜਿੱਤ ਕੇ ਗੁਰਕੰਵਲ ਨੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਅਕਾਦਮਿਕ ਮੁਖੀ ਅਤੇ ਖੇਡਾਂ ਦੀ ਇੰਚਾਰਜ ਡਾ. ਗੁਰਵੀਨ ਕੌਰ ਨੇ ਕਿਹਾ ਕਿ ਤੀਰਅੰਦਾਜ਼ੀ ਵਿੱਚ ਸਫਲਤਾ ਲਈ ਸਰੀਰਕ ਤਾਕਤ ਦੇ ਨਾਲ ਮਨ ਦੀ ਇਕਾਗਰਤਾ, ਸਬਰ ਅਤੇ ਨਿਯਮਤ ਅਭਿਆਸ ਬਹੁਤ ਜ਼ਰੂਰੀ ਹਨ। ਗੁਰਕੰਵਲ ਨੇ ਮੁਕਾਬਲੇ ਦੌਰਾਨ ਇਨ੍ਹਾਂ ਸਾਰੇ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਪ੍ਰਬੰਧਕੀ ਕਮੇਟੀ ਨੇ ਗੁਰਕੰਵਲ ਦੇ ਮਾਪਿਆਂ, ਕੋਚ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਪ੍ਰਬੰਧਨ ਨੇ ਆਸ ਪ੍ਰਗਟ ਕੀਤੀ ਕਿ ਗੁਰਕੰਵਲ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਹੋਰ ਰੌਸ਼ਨ ਕਰੇਗੀ।