ਗੌਡਵਿਨ ਘੱਲੂ ਦੀ ਸਾਬਕਾ ਵਿਦਿਆਰਥਣ ਸ਼ਿਲਪਾ ਨੇ ਚਮਕਾਇਆ ਨਾਮ ਗੌਡਵਿਨ ਪਬਲਿਕ ਸਕੂਲ ਘੱਲੂ ਦੀ ਸਾਬਕਾ ਵਿਦਿਆਰਥਣ ਸ਼ਿਲਪਾ ਨੇ ਅੰਤਰਰਾਸ਼ਟਰੀ ਸਾਫਟਬਾਲ ਮੁਕਾਬਲੇ ਵਿੱਚ ਚਮਕਾਇਆ ਫਾਜ਼ਿਲਕਾ ਦਾ ਨਾਮ
Publish Date: Wed, 04 Nov 2026 05:02 PM (IST)
Updated Date: Wed, 04 Nov 2026 05:05 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਗੌਡਵਿਨ ਪਬਲਿਕ ਸਕੂਲ ਘੱਲੂ ਦੀ ਸਾਬਕਾ ਵਿਦਿਆਰਥਣ ਸ਼ਿਲਪਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਜ਼ਿਲਕਾ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸ਼ਿਲਪਾ ਨੇ 22 ਤੋਂ 26 ਅਕਤੂਬਰ 2026 ਤੱਕ ਚੀਨੀ ਤਾਈਪੇ (ਤਾਈਵਾਨ) ਦੇ ਪੁਲੀ ਵਿਖੇ ਕਰਵਾਏ ਗਏ ਦੂਜੇ ਏਸ਼ੀਅਨ ਯੂਨੀਵਰਸਿਟੀਜ਼ ਮਹਿਲਾ ਸਾਫਟਬਾਲ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਮੁਕਾਬਲੇ ਵਿੱਚ ਪੰਜਾਬ ਵੱਲੋਂ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਵਾਲੀ ਉਹ ਇਕਲੌਤੀ ਖਿਡਾਰਨ ਰਹੀ। ਜਾਣਕਾਰੀ ਅਨੁਸਾਰ, ਬਿਸ਼ੰਬਰ ਲਾਲ ਦੀ ਧੀ ਸ਼ਿਲਪਾ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ’ਤੇ ਗੌਡਵਿਨ ਪਬਲਿਕ ਸਕੂਲ ਘੱਲੂ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਕੂਲ ਵਿੱਚ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਲਪਾ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਗੌਡਵਿਨ ਪਬਲਿਕ ਸਕੂਲ ਘੱਲੂ ਤੋਂ ਹੀ ਕੀਤੀ ਹੈ। ਮੈਨੇਜਿੰਗ ਕਮੇਟੀ ਮੈਂਬਰ ਲਖਵਿੰਦਰ ਕੌਰ ਬਰਾੜ ਨੇ ਸ਼ਿਲਪਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਿਲਪਾ ਸ਼ੁਰੂ ਤੋਂ ਹੀ ਇੱਕ ਹੋਣਹਾਰ ਅਤੇ ਮਿਹਨਤੀ ਖਿਡਾਰਨ ਰਹੀ ਹੈ। ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਲਈ ਇਸ ਤੋਂ ਵੱਡੇ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਸ ਦੀਆਂ ਸਾਬਕਾ ਵਿਦਿਆਰਥਣਾਂ ਅੰਤਰਰਾਸ਼ਟਰੀ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰਨ। ਉਨ੍ਹਾਂ ਸ਼ਿਲਪਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਨ ਭਵਿੱਖ ਵਿੱਚ ਵੀ ਖੇਡ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ। ਸਕੂਲ ਦੇ ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਕਿਹਾ ਕਿ ਸ਼ਿਲਪਾ ਦੀ ਸਫਲਤਾ ਪੂਰੇ ਸਕੂਲ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਸ਼ਿਲਪਾ ਨੇ ਸਕੂਲ ਵਿੱਚ ਪੜ੍ਹਾਈ ਦੌਰਾਨ ਹੀ ਸਾਫਟਬਾਲ ਪ੍ਰਤੀ ਆਪਣੀ ਰੁਚੀ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਇਹ ਪ੍ਰਾਪਤੀ ਮੌਜੂਦਾ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਸ਼ਿਲਪਾ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।