ਸਫਾਈ ਕਰਮਚਾਰੀਆਂ ਦੀ ਹੜਤਾਲ ਨਾਲ ਫਾਜ਼ਿਲਕਾ ਵਿੱਚ ਕੂੜੇ ਦੇ ਢੇਰ ਸਫਾਈ ਕਰਮਚਾਰੀਆਂ ਦੀ ਹੜਤਾਲ ਨਾਲ ਫਾਜ਼ਿਲਕਾ ਵਿੱਚ ਕੂੜੇ ਦੇ ਢੇਰ, ਮੌਨਸੂਨ ਤੋਂ ਪਹਿਲਾਂ ਸਿਹਤ ਸੰਕਟ ਗਹਿਰਾਇਆ
Publish Date: Tue, 21 Jul 2026 07:20 PM (IST)
Updated Date: Tue, 21 Jul 2026 07:22 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਵਿੱਚ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਸ਼ਹਿਰ ਦੇ ਮੁੱਖ ਚੌਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਬਦਬੂ ਅਤੇ ਗੰਦਗੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਜੇਕਰ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਮੌਨਸੂਨ ਦੇ ਮੌਸਮ ਵਿੱਚ ਇਹ ਸਮੱਸਿਆ ਸਿਹਤ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜਾ ਸੜਕਾਂ ਦੇ ਕਿਨਾਰਿਆਂ ਤੇ ਇਕੱਠਾ ਹੋ ਗਿਆ ਹੈ। ਕੂੜੇ ਦੇ ਢੇਰਾਂ ਤੇ ਆਵਾਰਾ ਪਸ਼ੂ ਅਤੇ ਕੁੱਤੇ ਖਾਣ-ਪੀਣ ਦੀਆਂ ਵਸਤਾਂ ਦੀ ਭਾਲ ਕਰਦੇ ਦੇਖੇ ਜਾ ਰਹੇ ਹਨ, ਜਿਸ ਨਾਲ ਟ੍ਰੈਫਿਕ ਵਿੱਚ ਵੀ ਰੁਕਾਵਟ ਪੈ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ। ਇਸ ਤੋਂ ਇਲਾਵਾ ਕੂੜੇ ਵਿੱਚੋਂ ਉੱਠ ਰਹੀ ਬਦਬੂ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਿਹਾਇਸ਼ੀ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਵੇਰੇ-ਸ਼ਾਮ ਬਦਬੂ ਕਾਰਨ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣੀਆਂ ਵੀ ਔਖੀਆਂ ਹੋ ਗਈਆਂ ਹਨ। ਕਈ ਥਾਵਾਂ ਤੇ ਕੂੜੇ ਵਿੱਚ ਮੱਛਰ ਅਤੇ ਮੱਖੀਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਨਗਰ ਕੌਂਸਲ ਵੱਲੋਂ ਅਜੇ ਤੱਕ ਕੂੜਾ ਚੁੱਕਣ ਲਈ ਕੋਈ ਵਿਕਲਪਕ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਕਰਕੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਗੰਦਗੀ ਕਾਰਨ ਪੈਦਾ ਹੋ ਰਹੇ ਸਿਹਤ ਸੰਕਟ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਮੌਨਸੂਨ ਦੇ ਮੌਸਮ ਨੂੰ ਦੇਖਦਿਆਂ ਸਿਹਤ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਜੇਕਰ ਕੂੜੇ ਦੇ ਢੇਰ ਜਲਦੀ ਨਾ ਹਟਾਏ ਗਏ ਤਾਂ ਬਰਸਾਤ ਦੌਰਾਨ ਗੰਦਗੀ ਅਤੇ ਜਮ੍ਹੇ ਪਾਣੀ ਕਾਰਨ ਸੰਕਰਾਮਕ ਬਿਮਾਰੀਆਂ ਫੈਲਣ ਦੀ ਸੰਭਾਵਨਾ ਹੋਰ ਵੱਧ ਜਾਵੇਗੀ।