ਅਬੋਹਰ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ ਗਗਨ ਚੁੱਘ ਨੇ ਐੱਸਐੱਸਪੀ ਫਾਜ਼ਿਲਕਾ ਅੱਗੇ ਰੱਖੀਆਂ ਚਾਰ ਮੰਗਾਂ ਅਬੋਹਰ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ ਗਗਨ ਚੁੱਘ ਨੇ ਐੱਸਐੱਸਪੀ ਫਾਜ਼ਿਲਕਾ ਅੱਗੇ ਰੱਖੀਆਂ ਚਾਰ ਮੰਗਾਂ
Publish Date: Thu, 08 Oct 2026 04:22 PM (IST)
Updated Date: Fri, 09 Oct 2026 04:03 AM (IST)
ਸਿਟੀ-1 ਤੇ ਸਿਟੀ-2 ਥਾਣਿਆਂ ’ਚ ਪੁਲਿਸ ਮੁਲਾਜ਼ਮਾਂ ਦੀ ਤੁਰੰਤ ਤਾਇਨਾਤੀ, ਅਬੋਹਰ ’ਚ ਸਾਈਬਰ ਥਾਣਾ ਚੌਕੀ ਬਣਾਉਣ ਦੀ ਮੰਗ ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਅਬੋਹਰ ਸ਼ਹਿਰ ’ਚ ਕਾਨੂੰਨ-ਵਿਵਸਥਾ ਅਤੇ ਪੁਲਿਸ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅਰੋੜਾ ਵਿਕਾਸ ਮੰਚ ਅਬੋਹਰ ਦੇ ਪ੍ਰਧਾਨ ਗਗਨ ਚੁੱਘ ਨੇ ਐੱਸਐੱਸਪੀ ਫਾਜ਼ਿਲਕਾ ਗਗਨ ਅਜੀਤ ਸਿੰਘ ਦੇ ਸਾਹਮਣੇ ਸ਼ਹਿਰ ਨਾਲ ਸਬੰਧਤ ਚਾਰ ਅਹਿਮ ਮੰਗਾਂ ਰੱਖੀਆਂ ਹਨ। ਗਗਨ ਚੁੱਘ ਨੇ ਐੱਸਐੱਸਪੀ ਨੂੰ ਪੱਤਰ ਭੇਜ ਕੇ ਇਨ੍ਹਾਂ ਮੰਗਾਂ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਗਗਨ ਚੁੱਘ ਨੇ ਕਿਹਾ ਕਿ ਅਬੋਹਰ ਸ਼ਹਿਰ ਲਗਾਤਾਰ ਵਧ ਰਿਹਾ ਹੈ ਅਤੇ ਆਬਾਦੀ ਤੇ ਵਪਾਰਕ ਗਤੀਵਿਧੀਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਪੁਲਿਸ ਪ੍ਰਬੰਧ ਨੂੰ ਵੀ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਥਾਣਾ ਸਿਟੀ-1 ਵਿੱਚ 20 ਅਤੇ ਥਾਣਾ ਸਿਟੀ-2 ਵਿੱਚ 10 ਵਾਧੂ ਪੁਲਿਸ ਮੁਲਾਜ਼ਮਾਂ ਦੀ ਤੁਰੰਤ ਤਾਇਨਾਤੀ ਕੀਤੀ ਜਾਵੇ, ਤਾਂ ਜੋ ਪੁਲਿਸ ਮੁਲਾਜ਼ਮਾਂ ’ਤੇ ਕੰਮ ਦਾ ਵਾਧੂ ਬੋਝ ਘਟੇ ਅਤੇ ਲੋਕਾਂ ਨੂੰ ਬਿਹਤਰ ਪੁਲਿਸ ਸੇਵਾਵਾਂ ਮਿਲ ਸਕਣ। ਅਬੋਹਰ ਵਿੱਚ ਬਣਾਈ ਜਾਵੇ ਸਾਈਬਰ ਥਾਣਾ ਚੌਕੀ ਗਗਨ ਚੁੱਘ ਨੇ ਦੂਜੀ ਮੰਗ ਵਜੋਂ ਅਬੋਹਰ ਵਿੱਚ ਸਾਈਬਰ ਥਾਣੇ ਦੀ ਵਿਸ਼ੇਸ਼ ਚੌਕੀ ਸਥਾਪਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਨਲਾਈਨ ਠੱਗੀ, ਬੈਂਕ ਖਾਤਿਆਂ ਨਾਲ ਧੋਖਾਧੜੀ, ਸੋਸ਼ਲ ਮੀਡੀਆ ਅਪਰਾਧ ਅਤੇ ਹੋਰ ਸਾਈਬਰ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਅਬੋਹਰ ਵਿੱਚ ਸਾਈਬਰ ਚੌਕੀ ਬਣਨ ਨਾਲ ਲੋਕਾਂ ਨੂੰ ਸ਼ਿਕਾਇਤਾਂ ਲਈ ਫਾਜ਼ਿਲਕਾ ਜਾਂ ਹੋਰ ਥਾਵਾਂ ’ਤੇ ਜਾਣ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ ਤੇ ਸਥਾਨਕ ਪੱਧਰ ’ਤੇ ਤੁਰੰਤ ਸਹਾਇਤਾ ਮਿਲ ਸਕੇਗੀ। ਐੱਸਐੱਸਪੀ ਹਫ਼ਤੇ ’ਚ ਇਕ ਦਿਨ ਅਬੋਹਰ ’ਚ ਕਰਨ ਜਨ ਸੁਣਵਾਈ ਉਨ੍ਹਾਂ ਐੱਸਐੱਸਪੀ ਫਾਜ਼ਿਲਕਾ ਤੋਂ ਇਹ ਵੀ ਮੰਗ ਕੀਤੀ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਇਕ ਦਿਨ ਅਬੋਹਰ ਵਿੱਚ ਆਮ ਲੋਕਾਂ ਦੀ ਜਨ ਸੁਣਵਾਈ ਕਰਨ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਦੀ ਸਿੱਧੀ ਮੌਜੂਦਗੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਗੰਭੀਰ ਮਾਮਲਿਆਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਾਰਵਾਈ ਵਿੱਚ ਮਦਦ ਮਿਲੇਗੀ। ਥਾਣਾ ਸਿਟੀ-2 ਨੂੰ ਲਾਈਨ ਪਾਰ ਖੇਤਰ ’ਚ ਤਬਦੀਲ ਕਰਨ ਦੀ ਮੰਗ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਨੇ ਚੌਥੀ ਮੰਗ ਵਜੋਂ ਥਾਣਾ ਸਿਟੀ-2 ਨੂੰ ਲਾਈਨ ਪਾਰ ਖੇਤਰ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਾਈਨ ਪਾਰ ਖੇਤਰ ਵਿੱਚ ਸ਼ਹਿਰ ਦੀ ਵੱਡੀ ਆਬਾਦੀ ਵਸਦੀ ਹੈ, ਜਿਸ ਕਾਰਨ ਉੱਥੇ ਥਾਣਾ ਹੋਣ ਨਾਲ ਲੋਕਾਂ ਨੂੰ ਪੁਲਿਸ ਸਬੰਧੀ ਕੰਮਾਂ ਲਈ ਵਧੇਰੇ ਸਹੂਲਤ ਮਿਲੇਗੀ ਅਤੇ ਪੁਲਿਸ ਦੀ ਮੌਜੂਦਗੀ ਵੀ ਮਜ਼ਬੂਤ ਹੋਵੇਗੀ। ਗਗਨ ਚੁੱਘ ਨੇ ਉਮੀਦ ਜਤਾਈ ਕਿ ਐੱਸਐੱਸਪੀ ਫਾਜ਼ਿਲਕਾ ਵੱਲੋਂ ਇਨ੍ਹਾਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦਾ ਉਦੇਸ਼ ਅਬੋਹਰ ਵਾਸੀਆਂ ਦੀ ਸੁਰੱਖਿਆ, ਸਹੂਲਤ ਤੇ ਪੁਲਿਸ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣਾ ਹੈ।