ਪੀਓ ਸਟਾਫ਼ ਵੱਲੋਂ ਭਗੌੜਾ ਅੜਿੱਕੇ
ਪੀ.ਓ. ਸਟਾਫ਼ ਵੱਲੋਂ ਭਗੌੜਾ ਕਾਬੂ
Publish Date: Mon, 30 Mar 2026 04:59 PM (IST)
Updated Date: Mon, 30 Mar 2026 05:00 PM (IST)

ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧੀਆਂ ਅਤੇ ਭਗੌੜਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੀ.ਓ. ਸਟਾਫ਼ ਫਾਜ਼ਿਲਕਾ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਲੰਬੇ ਸਮੇਂ ਤੋਂ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਇੱਕ ਭਗੌੜੇ ਮੁਲਜ਼ਮ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਹੈ।ਫੜੇ ਗਏ ਮੁਲਜ਼ਮ ਦੀ ਪਛਾਣ ਗੁਰਜੀਵਨ ਸਿੰਘ ਉਰਫ਼ ਜੀਵਾ ਨਿਵਾਸੀ ਕੁੰਡਲ ਵਜੋਂ ਹੋਈ ਹੈ। ਪੀ.ਓ. ਸਟਾਫ਼ ਦੇ ਇੰਚਾਰਜ ਏ.ਐੱਸ.ਆਈ. ਰਤਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਾਲ 2022 ਵਿੱਚ ਥਾਣਾ ਸਦਰ ਅਬੋਹਰ ਵਿਖੇ ਸੜਕ ਹਾਦਸੇ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਵਿਰੁੱਧ ਧਾਰਾ 427, 279, 337, 338 ਆਈ.ਪੀ.ਸੀ. ਦੇ ਤਹਿਤ ਮਾਮਲਾ ਨੰਬਰ 75 ਦਰਜ ਕੀਤਾ ਸੀ, ਪਰ ਉਹ ਲਗਾਤਾਰ ਅਦਾਲਤੀ ਕਾਰਵਾਈ ਤੋਂ ਬਚ ਰਿਹਾ ਸੀ। ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਐੱਸ.ਐੱਸ.ਪੀ. ਗੁਰਮੀਤ ਸਿੰਘ ਅਤੇ ਐੱਸ.ਪੀ.ਡੀ. ਤਰੁਣ ਰਤਨ ਦੇ ਨਿਰਦੇਸ਼ਾਂ ਦੇ ਤਹਿਤ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਮਿਲੀ ਸੂਚਨਾ ਦੇ ਆਧਾਰ ਤੇ ਪੀ.ਓ. ਸਟਾਫ਼ ਨੇ ਧਾਰਾ 299 ਸੀ.ਆਰ.ਪੀ.ਸੀ. ਦੇ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਦਬੋਚ ਲਿਆ। ਫੜੇ ਗਏ ਵਿਅਕਤੀ ਨੂੰ ਅਗਲੇਰੀ ਕਾਨੂੰਨੀ ਪ੍ਰਕਿਰਿਆ ਲਈ ਸਬੰਧਤ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੋਂ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਫਲ ਆਪ੍ਰੇਸ਼ਨ ਵਿੱਚ ਐੱਚ.ਸੀ. ਜਸਵਿੰਦਰ ਸਿੰਘ ਅਤੇ ਐੱਚ.ਸੀ. ਮਨਵੀਰ ਸਿੰਘ ਸਮੇਤ ਹੋਰ ਕਰਮਚਾਰੀ ਵੀ ਸ਼ਾਮਲ ਸਨ।