ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਮਾਪੇ : ਐੱਸਐੱਸਪੀ ਗਗਨਜੀਤ ਸਿੰਘ ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਨਾਲ ਦੋਸਤੀ ਪੈ ਸਕਦੀ ਹੈ ਭਾਰੀ, ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਮਾਪੇ: ਐੱਸਐੱਸਪੀ ਗਗਨਜੀਤ ਸਿੰਘ
Publish Date: Thu, 19 Nov 2026 05:45 PM (IST)
Updated Date: Fri, 20 Nov 2026 04:04 AM (IST)
ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਨਾਲ ਦੋਸਤੀ ਪੈ ਸਕਦੀ ਹੈ ਭਾਰੀ -ਪਾਕਿਸਤਾਨ ਵਿੱਚ ਬੈਠੇ ਆਈਐੱਸਆਈ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਦਾ ਖ਼ਦਸ਼ਾ, ਪਿਆਰ ਤੇ ਪੈਸਿਆਂ ਦਾ ਲਾਲਚ ਦੇ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵਰਤਣ ਦੀ ਕੋਸ਼ਿਸ਼ ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ, ਫਾਜ਼ਿਲਕਾ : ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਦੇ ਮੱਦੇਨਜ਼ਰ ਬੱਚਿਆਂ ਅਤੇ ਨੌਜਵਾਨਾਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਐੱਸਐੱਸਪੀ ਫਾਜ਼ਿਲਕਾ ਗਗਨਜੀਤ ਸਿੰਘ ਨੇ ਮਾਪਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀਆਂ ਮੋਬਾਈਲ ਫੋਨ ’ਤੇ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਦੋਸਤੀ ਕਰਨ ਜਾਂ ਉਸ ਦੇ ਬਹਿਕਾਵੇ ਵਿੱਚ ਆਉਣ ਤੋਂ ਬਚਣ। ਥੋੜ੍ਹੀ ਜਿਹੀ ਲਾਪਰਵਾਹੀ ਬੱਚਿਆਂ ਨੂੰ ਅਜਿਹੇ ਜਾਲ ਵਿੱਚ ਫਸਾ ਸਕਦੀ ਹੈ, ਜਿਸ ਦੀ ਵਰਤੋਂ ਬਾਅਦ ਵਿੱਚ ਅਪਰਾਧਿਕ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਐੱਸਐੱਸਪੀ ਗਗਨਜੀਤ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹੀਂ ਦਿਨੀਂ ਅਜਿਹੀਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਵਿੱਚ ਬੈਠੇ ਆਈਐੱਸਆਈ ਨਾਲ ਜੁੜੇ ਏਜੰਟ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਕਥਿਤ ਤੌਰ ’ਤੇ ਲੜਕੀਆਂ ਰਾਹੀਂ ਹਨੀ ਟ੍ਰੈਪ ਦਾ ਸਹਾਰਾ ਲਿਆ ਜਾਂਦਾ ਹੈ। ਪਹਿਲਾਂ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਦੋਸਤੀ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਪ੍ਰੇਮ ਸਬੰਧਾਂ ਵਿੱਚ ਉਲਝਾ ਕੇ ਅਤੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਪ੍ਰਭਾਵ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ’ਚ ਨੌਜਵਾਨਾਂ ਨੂੰ ਪੈਸੇ ਵੀ ਭੇਜੇ ਜਾਂਦੇ ਹਨ, ਤਾਂ ਜੋ ਉਨ੍ਹਾਂ ਦਾ ਭਰੋਸਾ ਜਿੱਤਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹੇ ਜਾਲ ਵਿੱਚ ਫਸਣ ਤੋਂ ਬਾਅਦ ਨੌਜਵਾਨਾਂ ਤੋਂ ਅਪਰਾਧਿਕ ਗਤੀਵਿਧੀਆਂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਇਲਾਕੇ ਵਿੱਚ ਫ਼ੌਜ ਨਾਲ ਸਬੰਧਤ ਗਤੀਵਿਧੀਆਂ ਅਤੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਵੀ ਵਰਤੇ ਜਾਣ ਦਾ ਖ਼ਤਰਾ ਰਹਿੰਦਾ ਹੈ। ਪਿਆਰ, ਦੋਸਤੀ ਅਤੇ ਆਰਥਿਕ ਲਾਲਚ ਵਿੱਚ ਆ ਕੇ ਨੌਜਵਾਨ ਕਈ ਵਾਰ ਇਹ ਸਮਝ ਨਹੀਂ ਪਾਉਂਦੇ ਕਿ ਉਹ ਕਿੰਨੀ ਗੰਭੀਰ ਮੁਸੀਬਤ ਵਿੱਚ ਫਸ ਰਹੇ ਹਨ। ਐੱਸਐੱਸਪੀ ਨੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਗੱਲ ਵੱਲ ਧਿਆਨ ਦੇਣ ਕਿ ਕਿਤੇ ਉਨ੍ਹਾਂ ਦਾ ਨੌਜਵਾਨ ਬੱਚਾ ਨਸ਼ੇ ਦਾ ਆਦੀ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਪੂਰਤੀ ਲਈ ਨੌਜਵਾਨ ਕਈ ਵਾਰ ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋ ਜਾਂਦੇ ਹਨ, ਜਿਸ ਦਾ ਫਾਇਦਾ ਸਮਾਜ ਅਤੇ ਦੇਸ਼ ਦੇ ਦੁਸ਼ਮਣ ਉਠਾਉਂਦੇ ਹਨ। ਨਸ਼ੇ ਦੀ ਲਤ ਵਿੱਚ ਫਸੇ ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਦਾ ਆਸਾਨੀ ਨਾਲ ਸ਼ਿਕਾਰ ਬਣ ਸਕਦੇ ਹਨ। ਇਸ ਲਈ ਮਾਪਿਆਂ ਲਈ ਆਪਣੇ ਬੱਚਿਆਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਣੀ ਬੇਹੱਦ ਜ਼ਰੂਰੀ ਹੈ। ਐੱਸਐੱਸਪੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਇਸ ਵਿਸ਼ੇ ’ਤੇ ਖੁੱਲ੍ਹ ਕੇ ਗੱਲਬਾਤ ਕਰਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਖ਼ਤਰਿਆਂ, ਅਣਜਾਣ ਲੋਕਾਂ ਵੱਲੋਂ ਭੇਜੇ ਜਾਂਦੇ ਸੁਨੇਹਿਆਂ, ਦੋਸਤੀ ਦੇ ਪ੍ਰਸਤਾਵਾਂ ਅਤੇ ਪੈਸਿਆਂ ਦੇ ਲਾਲਚ ਬਾਰੇ ਜਾਗਰੂਕ ਕਰਨ। ਮਾਪੇ ਸਮੇਂ-ਸਮੇਂ ’ਤੇ ਬੱਚਿਆਂ ਦੇ ਮੋਬਾਈਲ ਫੋਨਾਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣ, ਤਾਂ ਜੋ ਕਿਸੇ ਸ਼ੱਕੀ ਸੰਪਰਕ ਜਾਂ ਗਤੀਵਿਧੀ ਦਾ ਸਮੇਂ ਸਿਰ ਪਤਾ ਲੱਗ ਸਕੇ। ਗਗਨਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਮਾਪੇ ਨੂੰ ਆਪਣੇ ਬੱਚੇ ਦੀਆਂ ਆਨਲਾਈਨ ਗਤੀਵਿਧੀਆਂ, ਕਿਸੇ ਅਣਜਾਣ ਵਿਅਕਤੀ ਨਾਲ ਗੱਲਬਾਤ ਜਾਂ ਸ਼ੱਕੀ ਸੰਪਰਕ ਸਬੰਧੀ ਕੋਈ ਸ਼ੱਕ ਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਲੋਕਾਂ ਦੀ ਮਿੱਤਰ ਹੈ ਅਤੇ ਸਮੇਂ ਸਿਰ ਮਿਲੀ ਜਾਣਕਾਰੀ ਕਿਸੇ ਬੱਚੇ ਨੂੰ ਗਲਤ ਰਸਤੇ ’ਤੇ ਜਾਣ ਤੋਂ ਬਚਾ ਸਕਦੀ ਹੈ। ਮੌਜੂਦਾ ਹਾਲਾਤਾਂ ਵਿੱਚ ਹਰੇਕ ਪਰਿਵਾਰ ਲਈ ਸੁਚੇਤ ਰਹਿਣਾ ਬੇਹੱਦ ਜ਼ਰੂਰੀ ਹੈ। ਬੱਚਿਆਂ ਦੀ ਸੁਰੱਖਿਆ ਸਿਰਫ਼ ਪੁਲਿਸ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਮਾਪਿਆਂ ਦੀ ਜਾਗਰੂਕਤਾ ਅਤੇ ਸਮੇਂ ਸਿਰ ਕੀਤੀ ਨਿਗਰਾਨੀ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।