ਪੰਜਾਬ ਕਵੀਨਜ਼ ਕੱਪ ’ਚ ਐਫਡੀਸੀਏ ਦੀਆਂ ਚਾਰ ਕ੍ਰਿਕਟਰਾਂ ਦੀ ਚੋਣ
ਪੰਜਾਬ ਕਵੀਨਜ਼ ਕੱਪ ਵਿੱਚ ਐਫਡੀਸੀਏ ਦੀਆਂ ਚਾਰ ਹੋਣਹਾਰ ਮਹਿਲਾ ਕ੍ਰਿਕਟਰਾਂ ਦੀ ਚੋਣ
Publish Date: Sat, 22 Aug 2026 04:34 PM (IST)
Updated Date: Sat, 22 Aug 2026 04:36 PM (IST)
ਰਮਨ ਕੁਮਾਰ,ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐਫਡੀਸੀਏ) ਦੀਆਂ ਚਾਰ ਹੋਣਹਾਰ ਮਹਿਲਾ ਕ੍ਰਿਕਟਰਾਂ ਦੀ ਪੰਜਾਬ ਕਵੀਨਜ਼ ਕੱਪ ਲਈ ਚੋਣ ਹੋਈ ਹੈ। ਐਫਡੀਸੀਏ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅਤੇ ਅਨੁਸ਼ਾਸਨ ਕਮੇਟੀ ਮੈਂਬਰ ਅੰਮ੍ਰਿਤ ਨੇ ਦੱਸਿਆ ਕਿ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕਵੀਨਜ਼ ਕੱਪ ਕਰਵਾਇਆ ਜਾ ਰਿਹਾ ਹੈ। ਪਟਿਆਲਾ ਦੇ ਧਰੁਵ ਪਾਂਡਵ ਸਟੇਡੀਅਮ ਵਿੱਚ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀਆਂ ਚਾਰ ਹੋਣਹਾਰ ਮਹਿਲਾ ਕ੍ਰਿਕਟਰਾਂ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਵਿੱਚ ਅਲੀਸ਼ਾ, ਰਣਜੀਤ ਕੌਰ, ਪ੍ਰਿਯੰਕਾ ਅਤੇ ਤਮੰਨਾ ਸ਼ਾਮਲ ਹਨ। ਚਾਰਾਂ ਖਿਡਾਰਨਾਂ ਦਾ ਪੰਜਾਬ ਕਵੀਨਜ਼ ਕੱਪ ਵਿੱਚ ਭਾਗ ਲੈ ਰਹੀਆਂ ਵੱਖ-ਵੱਖ ਟੀਮਾਂ ਲਈ ਚੋਣ ਹੋਈ ਹੈ। ਐਫਡੀਸੀਏ ਦੇ ਜਨਰਲ ਸਕੱਤਰ ਸੁਰਿੰਦਰ ਛਿੰਦੀ ਨੇ ਕਿਹਾ ਕਿ ਚਾਰ ਖਿਡਾਰਨਾਂ ਦੀ ਚੋਣ ਐਫਡੀਸੀਏ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਐਫਡੀਸੀਏ ਦੇ ਸਿਲੈਕਟਰਾਂ ਅਤੇ ਕਾਰਜਕਾਰਨੀ ਵੱਲੋਂ ਖਿਡਾਰੀਆਂ ਨੂੰ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਕਾਰਜ ਲਈ ਐਫਡੀਸੀਏ ਦੀ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਵਾਈਸ ਚੇਅਰਮੈਨ ਐਸਐਸਪੀ ਗਗਨ ਅਜੀਤ ਸਿੰਘ ਦਾ ਵੀ ਪੂਰਾ ਸਹਿਯੋਗ ਅਤੇ ਸਮਰਥਨ ਮਿਲ ਰਿਹਾ ਹੈ।