ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ, ਦੋ ਬਾਈਕ ਬਰਾਮਦ ਅਬੋਹਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ, ਦੋ ਚੋਰੀ ਦੇ ਬਾਈਕ ਬਰਾਮਦ
Publish Date: Thu, 26 Nov 2026 04:37 PM (IST)
Updated Date: Fri, 27 Nov 2026 04:05 AM (IST)
-ਚੋਰੀ ਦੇ ਮੋਟਰਸਾਈਕਲ 2 ਤੋਂ 5 ਹਜ਼ਾਰ ਰੁਪਏ ’ਚ ਵੇਚਦੇ ਸਨ ਮੁਲਜ਼ਮ : ਪੁਲਿਸ ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਅਬੋਹਰ ਪੁਲਿਸ ਨੇ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਥਾਣਾ ਸਿਟੀ-1 ਦੀ ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਲਿੰਕ ਰੋਡ ਅਜੀਤ ਨਗਰ ਤੋਂ ਅਨਾਜ ਮੰਡੀ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਡੀਏਵੀ ਕਾਲਜ ਨੇੜੇ ਰਹਿਣ ਵਾਲਾ ਰੋਹਿਤ ਸਿੰਘ ਉਰਫ਼ ਡੈਨਵਰ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹਿਰ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਕੰਮ ਕਰਦਾ ਹੈ। ਸੂਚਨਾ ਅਨੁਸਾਰ ਗਿਰੋਹ ਦੇ ਮੈਂਬਰ ਅਨਾਜ ਮੰਡੀ ਦੇ ਪਿਛਲੇ ਪਾਸੇ ਚੋਰੀ ਕੀਤੇ ਮੋਟਰਸਾਈਕਲ ਗਾਹਕਾਂ ਨੂੰ ਵੇਚਣ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੱਸੀ ਗਈ ਥਾਂ ਤੇ ਛਾਪੇਮਾਰੀ ਕੀਤੀ ਅਤੇ ਚਾਰ ਨੌਜਵਾਨਾਂ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਮੋਟਰਸਾਈਕਲਾਂ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਦਸਤਾਵੇਜ਼ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਸਿੰਘ ਉਰਫ਼ ਡੈਨਵਰ ਪੁੱਤਰ ਦਵਿੰਦਰ ਸਿੰਘ, ਦਿਲਨੂਰ ਉਰਫ਼ ਨੂਰ ਪੁੱਤਰ ਮੰਗਲਜੀਤ ਸਿੰਘ ਵਾਸੀ ਪਿੰਡ ਮੰਮੂਖੇੜਾ ਖਾਂਟਵਾਂ, ਸੁਖਦੀਪ ਪੁੱਤਰ ਨੀਮ ਨਾਰਾਇਣ ਅਤੇ ਰਵੀ ਕੁਮਾਰ ਪੁੱਤਰ ਹਰੀਰਾਮ ਵਜੋਂ ਹੋਈ ਹੈ। ਪੁਲਿਸ ਨੇ ਚਾਰਾਂ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 303(2) ਅਤੇ 317(2) ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਇਹ ਮੁਲਜ਼ਮ ਸ਼ਹਿਰ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ 2 ਤੋਂ 5 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਦੋ ਨੂੰ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਉਸ ਸਮੇਂ ਕਰੀਬ ਅੱਧਾ ਦਰਜਨ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਸਨ। ਪੁਲਿਸ ਮੁਤਾਬਕ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਕੋਲੋਂ ਹੋਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।