ਐੱਸਆਈਆਰ ਦਾ ਪਹਿਲਾ ਪੜਾਅ ਮੁਕੰਮਲ, 93.06% ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜ਼ : ਡੀਸੀ ਫਾਜ਼ਿਲਕਾ ਵਿੱਚ ਐੱਸ.ਆਈ.ਆਰ. ਪ੍ਰਕਿਰਿਆ ਦਾ ਪਹਿਲਾ ਪੜਾਅ ਮੁਕੰਮਲ,93.06 ਫੀਸਦੀ ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜ਼: ਡੀ.ਸੀ.
Publish Date: Fri, 07 Aug 2026 05:29 PM (IST)
Updated Date: Fri, 07 Aug 2026 05:32 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਪ੍ਰਕਿਰਿਆ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਹਿਲਾ ਪੜਾਅ ‘ਹਾਊਸ-ਟੂ-ਹਾਊਸ ਐਨੁਮਰੇਸ਼ਨ’ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ,ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਐੱਸ.ਆਈ.ਆਰ. ਦੀ ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਹੋਈ ਸੀ, ਜੋ 12 ਅਕਤੂਬਰ 2026 ਤੱਕ ਚੱਲੇਗੀ। ਜ਼ਿਲ੍ਹਾ ਫਾਜ਼ਿਲਕਾ ਵਿੱਚ ਪਹਿਲਾ ਪੜਾਅ 3 ਅਗਸਤ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਇਸ ਪੜਾਅ ਨੂੰ ਮੁਕੰਮਲ ਕਰਨ ਲਈ ਜ਼ਿਲ੍ਹੇ ਦੇ 829 ਬੀ.ਐੱਲ.ਓਜ਼, 90 ਸੁਪਰਵਾਈਜ਼ਰਾਂ, 4 ਈ.ਆਰ.ਓਜ਼ ਅਤੇ ਚੋਣ ਅਮਲੇ ਵੱਲੋਂ ਦਿਨ-ਰਾਤ ਮਿਹਨਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਇਸ ਕੰਮ ਵਿੱਚ ਸਿਆਸੀ ਪਾਰਟੀਆਂ ਅਤੇ ਮੀਡੀਆ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। 7.22 ਲੱਖ ਤੋਂ ਵੱਧ ਗਣਨਾ ਫਾਰਮ ਡਿਜੀਟਾਈਜ਼ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 7,76,163 ਵੋਟਰਾਂ ਵਿੱਚੋਂ 7,22,295 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਕਰਕੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜੋ ਕੁੱਲ ਵੋਟਰਾਂ ਦਾ 93.06 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 53,868 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਨਹੀਂ ਹੋਏ। ਇਨ੍ਹਾਂ ਵਿੱਚੋਂ ਮੁੱਖ ਤੌਰ ’ਤੇ 23,091 ਵੋਟਰਾਂ ਦੀ ਮੌਤ ਹੋ ਜਾਣ ਅਤੇ 21,427 ਵੋਟਰਾਂ ਵੱਲੋਂ ਆਪਣੀ ਰਿਹਾਇਸ਼ ਪੱਕੇ ਤੌਰ ’ਤੇ ਹੋਰ ਸ਼ਹਿਰਾਂ ਜਾਂ ਥਾਵਾਂ ’ਤੇ ਤਬਦੀਲ ਕਰ ਲੈਣ ਕਾਰਨ ਫਾਰਮ ਪ੍ਰਾਪਤ ਨਹੀਂ ਹੋਏ ਹਨ। 13 ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 13 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਜੇਕਰ ਕਿਸੇ ਯੋਗ ਵੋਟਰ ਦਾ ਨਾਮ ਡਰਾਫਟ ਸੂਚੀ ਵਿੱਚ ਦਰਜ ਨਹੀਂ ਹੁੰਦਾ ਤਾਂ ਉਹ 13 ਅਗਸਤ ਤੋਂ 12 ਸਤੰਬਰ ਤੱਕ 30 ਦਿਨਾਂ ਦੇ ਅੰਦਰ ਫਾਰਮ ਨੰਬਰ 6 ਭਰ ਕੇ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਜਾਂ ਬੂਥ ਲੈਵਲ ਅਫ਼ਸਰ ਕੋਲ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ਦੀਆਂ ਕਾਪੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਈ.ਆਰ.ਓਜ਼ ਦੇ ਦਫ਼ਤਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਵੀ ਉਪਲੱਬਧ ਹੋਵੇਗੀ। 30,531 ਅਨਮੈਪਡ ਵੋਟਰਾਂ ਨੂੰ ਭੇਜੇ ਜਾਣਗੇ ਨੋਟਿਸ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 30,531 ਵੋਟਰਾਂ ਦੀਆਂ ਵੋਟਾਂ ਅਨਮੈਪਡ ਰਹਿ ਗਈਆਂ ਹਨ। ਇਨ੍ਹਾਂ ਵੋਟਰਾਂ ਨੂੰ 13 ਅਗਸਤ ਤੋਂ ਨੋਟਿਸ ਭੇਜੇ ਜਾਣਗੇ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ 12 ਦਸਤਾਵੇਜ਼ਾਂ ਵਿੱਚੋਂ ਕੋਈ ਵੀ ਦਸਤਾਵੇਜ਼, ਜਿਵੇਂ ਜਨਮ ਸਰਟੀਫਿਕੇਟ ਜਾਂ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਆਦਿ, ਸਬੰਧਤ ਈ.ਆਰ.ਓ./ਏ.ਈ.ਆਰ.ਓ. ਕੋਲ ਜਮ੍ਹਾਂ ਕਰਵਾ ਸਕਣਗੇ। ਦਸਤਾਵੇਜ਼ ਪ੍ਰਾਪਤ ਹੋਣ ਉਪਰੰਤ ਸਬੰਧਤ ਚੋਣ ਅਧਿਕਾਰੀ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਆਦੇਸ਼ ਪਾਸ ਕੀਤਾ ਜਾਵੇਗਾ। ਇਸ ਤੋਂ ਬਾਅਦ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਫਾਜ਼ਿਲਕਾ ’ਚ ਵਧੇ 69 ਪੋਲਿੰਗ ਬੂਥ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਹਿਲਾਂ 829 ਪੋਲਿੰਗ ਬੂਥ ਸਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ 69 ਪੋਲਿੰਗ ਬੂਥਾਂ ਦਾ ਵਾਧਾ ਹੋਇਆ ਹੈ। ਹੁਣ ਜ਼ਿਲ੍ਹੇ ਵਿੱਚ ਕੁੱਲ 898 ਪੋਲਿੰਗ ਬੂਥਾਂ ਨੂੰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਲੋਕਾਂ ਨੂੰ ਸਹਿਯੋਗ ਦੀ ਅਪੀਲ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਜ਼ਿਲ੍ਹਾ ਵਾਸੀਆਂ, ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਮੀਡੀਆ ਸਾਥੀਆਂ ਨੂੰ ਅਪੀਲ ਕੀਤੀ ਕਿ ਐੱਸ.ਆਈ.ਆਰ. ਦੇ ਅਗਲੇ ਪੜਾਅ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਹਿਯੋਗ ਨਾਲ ਐੱਸ.ਆਈ.ਆਰ. ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇਗਾ।