ਫਾਜ਼ਿਲਕਾ ’ਚ ਨੌਜਵਾਨ ’ਤੇ ਗੋਲ਼ੀਬਾਰੀ, ਸਿਰ ਤੇ ਪੇਟ ’ਚ ਲੱਗੀਆਂ ਗੋਲ਼ੀਆਂ -ਨਾਜ਼ੁਕ ਹਾਲਤ ’ਚ ਹਾਇਰ
Publish Date: Thu, 12 Nov 2026 06:57 PM (IST)
Updated Date: Thu, 12 Nov 2026 07:00 PM (IST)
-ਨਾਜ਼ੁਕ ਹਾਲਤ ’ਚ ਹਾਇਰ ਸੈਂਟਰ ਰੈਫਰ, ਬਾਈਕ ਸਵਾਰ ਦੋ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਹੋਏ ਫਰਾਰ, ਪੁਲਿਸ ਨੇ ਮੌਕੇ ਤੋਂ ਦੋ ਖੋਲ ਕੀਤੇ ਬਰਾਮਦ ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਦੇ ਸਲੇਮਸ਼ਾਹ ਰੇਲਵੇ ਫਾਟਕ ਨੇੜੇ ਬੁੱਧਵਾਰ ਦੇਰ ਰਾਤ ਕਰੀਬ 9:30 ਵਜੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਨੌਜਵਾਨ ’ਤੇ ਤਾਬੜਤੋੜ ਗੋਲ਼ੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ ਨੌਜਵਾਨ ਦੇ ਸਿਰ ਤੇ ਪੇਟ ਵਿੱਚ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਦੋਵੇਂ ਹਮਲਾਵਰ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਉਰਫ਼ ਜੱਗੀ ਵਾਸੀ ਪੀਰ ਗੁਰਾਇਆ, ਫਾਜ਼ਿਲਕਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਸਲੇਮਸ਼ਾਹ ਰੇਲਵੇ ਫਾਟਕ ਦੇ ਨੇੜੇ ਮੌਜੂਦ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਵਿਅਕਤੀ ਆਏ। ਇਨ੍ਹਾਂ ਵਿਚੋਂ ਇਕ ਨੇ ਹੈਲਮਟ ਪਾਇਆ ਹੋਇਆ ਸੀ। ਹਮਲਾਵਰ ਨੇ ਪਹਿਲਾਂ ਜਤਿੰਦਰ ਨੂੰ ਨਕਲੀ ਪਿਸਤੌਲ ਦਿਖਾਈ ਅਤੇ ਬਾਅਦ ਵਿੱਚ ਅਸਲੀ ਪਿਸਤੌਲ ਨਾਲ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਬਾਰੀ ਮਗਰੋਂ ਦੋਵੇਂ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਹਾਲਤ ਵਿੱਚ ਜ਼ਮੀਨ ’ਤੇ ਡਿੱਗੇ ਜਤਿੰਦਰ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਜਾਂਚ ਦੌਰਾਨ ਉਸ ਦੇ ਸਿਰ ਤੇ ਪੇਟ ਵਿੱਚ ਗੋਲੀਆਂ ਲੱਗਣ ਦੀ ਪੁਸ਼ਟੀ ਹੋਈ। ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਮੌਕੇ ਤੋਂ ਦੋ ਖੋਲ ਬਰਾਮਦ, ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਜ਼ਿਲਕਾ ਸਿਟੀ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਗਿਆ। ਪੁਲਿਸ ਵੱਲੋਂ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸਿਟੀ ਥਾਣਾ ਮੁਖੀ ਐੱਸਐੱਚਓ ਸਚਿਨ ਕੰਬੋਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।