ਪਸ਼ੂਆਂ ਦੇ ਵਾੜੇ ’ਚ ਲੱਗੀ ਅੱਗ, 7 ਪਸ਼ੂ ਸੜੇ ਪਸ਼ੂਆਂ ਦੇ ਕਮਰੇ ਚ ਲੱਗੀ ਅੱਗ, 7 ਪਸ਼ੂ ਸੜੇ
Publish Date: Wed, 09 Sep 2026 05:31 PM (IST)
Updated Date: Wed, 09 Sep 2026 05:34 PM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਵਿੱਚ ਦੇਰ ਰਾਤ ਪਸ਼ੂਆਂ ਦੇ ਕਮਰੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਸੱਤ ਪਸ਼ੂਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਪਸ਼ੂਆਂ ਨੂੰ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਬਾਹਰ ਕੱਢ ਕੇ ਬਚਾ ਲਿਆ। ਅੱਗ ਲੱਗਣ ਸਮੇਂ ਕਮਰੇ ਵਿੱਚ ਕੁੱਲ ਨੌਂ ਪਸ਼ੂ ਮੌਜੂਦ ਸਨ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੀੜਤ ਕਿਸਾਨ ਵਿਜੇ ਯਾਦਵ ਨੇ ਦੱਸਿਆ ਕਿ ਪਸ਼ੂਆਂ ਵਾਲੇ ਕਮਰੇ ਵਿੱਚ ਪੱਖਾ ਚੱਲ ਰਿਹਾ ਸੀ। ਦੇਰ ਰਾਤ ਇੱਕ ਬੱਕਰੀ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਪਸ਼ੂਆਂ ਦੇ ਕਮਰੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਇਸ ਤੋਂ ਬਾਅਦ ਪਰਿਵਾਰ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਡਿਊਟੀ ’ਤੇ ਜਾ ਰਹੇ ਦੋ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਹਿੰਮਤ ਦਿਖਾਉਂਦਿਆਂ ਅੱਗ ਦੀ ਪਰਵਾਹ ਕੀਤੇ ਬਿਨਾਂ ਕਮਰੇ ਵਿੱਚੋਂ ਦੋ ਪਸ਼ੂਆਂ ਨੂੰ ਬਾਹਰ ਕੱਢ ਲਿਆ। ਹਾਲਾਂਕਿ ਦੋਵੇਂ ਪਸ਼ੂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਏ, ਪਰ ਉਨ੍ਹਾਂ ਦੀ ਜਾਨ ਬਚ ਗਈ। ਹਾਦਸੇ ਵਿੱਚ ਤਿੰਨ ਗਾਵਾਂ ਸਮੇਤ ਕੁੱਲ ਸੱਤ ਪਸ਼ੂਆਂ ਦੀ ਮੌਤ ਹੋ ਗਈ। ਪੀੜਤ ਕਿਸਾਨ ਅਨੁਸਾਰ ਮਰਨ ਵਾਲੇ ਪਸ਼ੂਆਂ ਵਿੱਚ ਕੁਝ ਗਰਭਵਤੀ ਵੀ ਸਨ। ਅੱਗ ਕਾਰਨ ਪਸ਼ੂਆਂ ਦੀ ਮੌਤ ਤੋਂ ਇਲਾਵਾ ਹੋਰ ਸਾਮਾਨ ਵੀ ਨੁਕਸਾਨਿਆ ਗਿਆ। ਵਿਜੇ ਯਾਦਵ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਸ ਨੂੰ ਕਰੀਬ 7 ਤੋਂ 8 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿਜੇ ਯਾਦਵ ਪਿਛਲੇ ਕਰੀਬ 33 ਸਾਲਾਂ ਤੋਂ ਪਿੰਡ ਵਿੱਚ ਰਹਿ ਕੇ ਠੇਕੇ ’ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹੋਏ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਇਸ ਹਾਦਸੇ ਨੇ ਪਰਿਵਾਰ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਢੁੱਕਵਾਂ ਮੁਆਵਜ਼ਾ ਅਤੇ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਕੀਤੀ ਹੈ।