- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਜਾਵਲਪੁਰ ਧਾਮ ਵਿਖੇ ਸ਼ਰਧਾ ਨਾਲ ਮਨਾਈ ਗਈ ਬਾਬਾ ਆਸ਼ਾ ਦੇਵਾ ਜੀ ਦੀ ਪੰਜਵੀਂ ਬਰਸੀ

ਕਪਿਲ ਜਸੂਜਾ, ਪੰਜਾਬੀ ਜਾਗਰਣ
ਫਾਜ਼ਿਲਕਾ : ਪਿੰਡ ਸੁਜਾਵਲਪੁਰ ਸਥਿਤ ਬਾਬਾ ਖੇਤਰਪਾਲ ਸੁਜਾਵਲਪੁਰ ਧਾਮ ਵਿਖੇ ਬਾਬਾ ਆਸ਼ਾ ਦੇਵਾ ਜੀ ਦੀ ਪੰਜਵੀਂ ਬਰਸੀ ਮੰਦਰ ਪ੍ਰਬੰਧਕ ਚਿਮਨ ਲਾਲ ਨਰੂਲਾ ਦੀ ਅਗਵਾਈ ਅਤੇ ਰਜਨੀ ਬਾਬਾ ਤੇ ਅੰਗਰੇਜ਼ ਨਰੂਲਾ ਦੀ ਸਰਪ੍ਰਸਤੀ ਹੇਠ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਧਾਮ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਮੰਦਰ ਪ੍ਰਬੰਧਕ ਚਿਮਨ ਲਾਲ ਨਰੂਲਾ, ਰਜਨੀ ਬਾਬਾ, ਅੰਗਰੇਜ਼ ਨਰੂਲਾ, ਵਿਜੈ ਨਰੂਲਾ, ਡਿੰਪਲ ਨਰੂਲਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਬਾਬਾ ਆਸ਼ਾ ਦੇਵਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਅਤੇ ਮਾਲਾ ਅਰਪਿਤ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਜੋਤ ਪ੍ਰਚੰਡ ਕੀਤੀ ਗਈ ਅਤੇ ਸੇਵਾਦਾਰਾਂ ਅਤੇ ਮਹਿਲਾ ਸੇਵਾਦਾਰਾਂ ਨੇ ਵੀ ਸ਼ਰਧਾ ਸਹਿਤ ਪੁਸ਼ਪ ਅਰਪਿਤ ਕੀਤੇ।
ਇਸ ਉਪਰੰਤ ਮੰਦਰ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਦੁਪਹਿਰ ਸਮੇਂ ਮੰਦਰ ਤੋਂ ਵਿਸ਼ਾਲ ਧੁੱਜਾ ਯਾਤਰਾ ਕੱਢੀ ਗਈ, ਜੋ ਪਿੰਡ ਦੀ ਪਰਿਕਰਮਾ ਕਰਦੀ ਹੋਈ ਬੇਬੇ ਜੀ ਦੀ ਸਮਾਧ ’ਤੇ ਪਹੁੰਚੀ। ਉੱਥੇ ਧੁੱਜਾ ਚੜ੍ਹਾਇਆ ਗਿਆ ਅਤੇ ਬੇਬੇ ਰਾਮ ਪਿਆਰੀ ਜੀ ਤੇ ਬਾਬਾ ਆਸ਼ਾ ਦੇਵਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਸਾਰਾ ਦਿਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੇਵਾ ਕਮੇਟੀਆਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਦੇ ਸਟਾਲ ਵੀ ਲਗਾਏ ਗਏ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨੇ ਲੰਗਰ ਛਕਿਆ। ਇਸ ਮੌਕੇ ਚਿਮਨ ਲਾਲ ਨਰੂਲਾ, ਰਜਨੀ ਬਾਬਾ, ਅੰਗਰੇਜ਼ ਨਰੂਲਾ, ਭਗਤ ਓਮ ਪ੍ਰਕਾਸ਼ ਕਾਲੀਆਂਵਾਲੀ, ਭਗਤ ਚਿਮਨ ਲਾਲ ਬੱਬਰ ਅਤੇ ਭਗਤ ਓਮ ਪ੍ਰਕਾਸ਼ ਬੱਬਰ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਸਮਾਗਮ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਦਰਸ਼ਨ ਲਾਲ ਬੱਬਰ, ਸੁਭਾਸ਼ ਖੁਰਾਣਾ, ਸੋਨੂ ਜਿਲ੍ਹੋਤਰਾ, ਨਰਿੰਦਰ ਮੁੰਜਾਲ, ਰੋਸ਼ਨ ਖੁਰਾਣਾ, ਅਸ਼ੋਕ ਨਾਗਪਾਲ, ਰਾਜੂ ਨਾਰੰਗ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬਾਬਾ ਖੇਤਰਪਾਲ ਸੁਜਾਵਲਪੁਰ ਧਾਮ ਦੀ ਸਥਾਪਨਾ ਬੇਬੇ ਰਾਮ ਪਿਆਰੀ ਜੀ ਨੇ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਸਾਲ 1947 ਵਿੱਚ ਕੀਤੀ ਸੀ। ਬੇਬੇ ਰਾਮ ਪਿਆਰੀ ਜੀ ਨੇ ਲਗਭਗ 46-47 ਸਾਲ ਧਾਮ ਦੀ ਸੇਵਾ ਕੀਤੀ ਅਤੇ 1993 ਵਿੱਚ 89 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਇਸ ਤੋਂ ਬਾਅਦ ਧਾਮ ਦੀ ਗੱਦੀ ਬਾਬਾ ਆਸ਼ਾ ਦੇਵਾ ਜੀ ਨੂੰ ਸੌਂਪੀ ਗਈ, ਜਿਨ੍ਹਾਂ ਨੇ ਕਰੀਬ 32 ਸਾਲ ਤੱਕ ਸੰਗਤ ਦੀ ਨਿਰਸਵਾਰਥ ਸੇਵਾ ਕੀਤੀ। ਸਾਲ 2021 ਵਿੱਚ ਬਾਬਾ ਆਸ਼ਾ ਦੇਵਾ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੱਦੀ ਰਜਨੀ ਬਾਬਾ ਨੇ ਸੰਭਾਲੀ, ਜੋ ਲਗਾਤਾਰ ਧਾਮ ਵਿੱਚ ਸੰਗਤ ਦੀ ਸੇਵਾ ਕਰ ਰਹੇ ਹਨ। ਅੱਜ ਇਹ ਧਾਮ ਇਲਾਕੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਬਣ ਚੁੱਕਾ ਹੈ, ਜਿੱਥੇ ਹਰ ਮਹੀਨੇ ਲੱਗਣ ਵਾਲੇ ਚੌਦਸ ਮੇਲੇ ਦੌਰਾਨ ਸੈਂਕੜਿਆਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ।