ਦੀਵਾਲੀ ਅਤੇ ਧਨਤੇਰਸ ਮੌਕੇ ਫ਼ਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਖਰੀਦਦਾਰੀ ਲਈ ਉਮੜੀ ਲੋਕਾਂ ਦੀ ਭੀੜ ਦੀਵਾਲੀ ਅਤੇ ਧਨਤੇਰਸ ਮੌਕੇ ਫ਼ਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਖਰੀਦਦਾਰੀ ਲਈ ਉਮੜੀ ਲੋਕਾਂ ਦੀ ਭੀੜ
Publish Date: Fri, 06 Nov 2026 05:15 PM (IST)
Updated Date: Fri, 06 Nov 2026 05:17 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਦੀਵਾਲੀ ਅਤੇ ਧਨਤੇਰਸ ਨੂੰ ਲੈ ਕੇ ਸਰਹੱਦੀ ਸ਼ਹਿਰ ਫ਼ਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਤਿਉਹਾਰੀ ਰੌਣਕ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਸੁੰਦਰ ਸਜਾਵਟੀ ਸਮਾਨ ਅਤੇ ਆਕਰਸ਼ਕ ਲੜੀਆਂ ਨਾਲ ਸਜਾਇਆ ਗਿਆ ਹੈ। ਧਨਤੇਰਸ ਦੇ ਮੌਕੇ ’ਤੇ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਭਾਂਡਿਆਂ ਦੀ ਖਰੀਦਦਾਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸੇ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਗਹਿਣਿਆਂ ਦੀਆਂ ਦੁਕਾਨਾਂ ਅਤੇ ਬਰਤਨਾਂ ਦੀਆਂ ਦੁਕਾਨਾਂ ’ਤੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਕੱਪੜਿਆਂ, ਜੁੱਤੀਆਂ, ਮਠਿਆਈਆਂ, ਤੋਹਫ਼ਿਆਂ ਅਤੇ ਘਰਾਂ ਨੂੰ ਸਜਾਉਣ ਵਾਲੇ ਸਾਮਾਨ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਤਿਉਹਾਰ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ। ਪ੍ਰਿੰਸ ਜਵੇਲਰ ਦੇ ਸੰਚਾਲਕ ਪਰਮਦੀਪ ਸ਼ਾਹ ਨੇ ਦੱਸਿਆ ਕਿ ਦੀਵਾਲੀ ਅਤੇ ਧਨਤੇਰਸ ਦੇ ਤਿਉਹਾਰਾਂ ਨੂੰ ਲੈ ਕੇ ਲੋਕਾਂ ਵਿੱਚ ਹਰ ਸਾਲ ਖਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਧਨਤੇਰਸ ਮੌਕੇ ਸੋਨੇ-ਚਾਂਦੀ ਦੇ ਗਹਿਣਿਆਂ ਦੀ ਖਰੀਦਦਾਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ, ਜਿਸ ਕਾਰਨ ਗਾਹਕ ਇਸ ਦਿਨ ਆਪਣੀ ਸਮਰੱਥਾ ਅਨੁਸਾਰ ਖਰੀਦਦਾਰੀ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗਾਹਕਾਂ ਦੀ ਆਮਦ ਜਾਰੀ ਰਹੇਗੀ ਅਤੇ ਕਾਰੋਬਾਰ ਵਿੱਚ ਚੰਗਾ ਵਾਧਾ ਹੋਵੇਗਾ। ਦੂਜੇ ਪਾਸੇ, ਸ਼ਹਿਰ ਦੇ ਚੌਕ ਘੰਟਾ ਘਰ ਵਿਖੇ ਮਿੱਟੀ ਦੇ ਦੀਵੇ ਵੇਚ ਰਹੀ ਮੋਨਿਕਾ ਰਾਣੀ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਮਿੱਟੀ ਦੇ ਦੀਵਿਆਂ ਤੋਂ ਬਿਨਾਂ ਅਧੂਰਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਜ਼ਾਰ ਵਿੱਚ ਬਿਜਲੀ ਦੀਆਂ ਲੜੀਆਂ ਅਤੇ ਹੋਰ ਸਜਾਵਟੀ ਲਾਈਟਾਂ ਦੀ ਕਾਫ਼ੀ ਕਿਸਮ ਮੌਜੂਦ ਹੈ, ਪਰ ਮਿੱਟੀ ਦੇ ਦੀਵਿਆਂ ਦੀ ਆਪਣੀ ਵੱਖਰੀ ਮਹੱਤਤਾ ਅਤੇ ਪਰੰਪਰਾ ਹੈ। ਲੋਕ ਅੱਜ ਵੀ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣ ਲਈ ਮਿੱਟੀ ਦੇ ਦੀਵੇ ਖਰੀਦਣਾ ਪਸੰਦ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰ ਮੌਕੇ ਸਥਾਨਕ ਦੁਕਾਨਦਾਰਾਂ ਅਤੇ ਕਾਰੀਗਰਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦੀ ਰੋਜ਼ੀ-ਰੋਟੀ ਵਿੱਚ ਯੋਗਦਾਨ ਪਾਇਆ ਜਾਵੇ।