ਪਿਸਟਲ ਸ਼ੂਟਿੰਗ ’ਚ ਫਾਜ਼ਿਲਕਾ ਦੇ ਦਪਿੰਦਰ ਸਿੰਘ ਬਰਾੜ ਨੇ ਜਿੱਤੇ ਪੰਜ ਮੈਡਲ ਪਿਸਟਲ ਸ਼ੂਟਿੰਗ ’ਚ ਫਾਜ਼ਿਲਕਾ ਦੇ ਦਪਿੰਦਰ ਸਿੰਘ ਬਰਾੜ ਨੇ ਗੱਡੇ ਜਿੱਤ ਦੇ ਝੰਡੇ, ਗੋਲਡ ਤੇ ਸਿਲਵਰ ਸਮੇਤ ਜਿੱਤੇ ਪੰਜ ਮੈਡਲ
Publish Date: Sat, 07 Nov 2026 03:25 PM (IST)
Updated Date: Sat, 07 Nov 2026 03:26 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਪਿੰਡ ਅਸਮਾਨ ਖੇੜਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਹੋਣਹਾਰ ਨਿਸ਼ਾਨੇਬਾਜ਼ ਦਪਿੰਦਰ ਸਿੰਘ ਬਰਾੜ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਸ਼ੂਟਿੰਗ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਵੱਖ-ਵੱਖ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਗੋਲਡ, ਸਿਲਵਰ ਅਤੇ ਕਾਂਸੀ ਦੇ ਤਮਗਿਆਂ ਸਮੇਤ ਕੁੱਲ ਪੰਜ ਮੈਡਲ ਜਿੱਤੇ ਹਨ। ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਖਿਡਾਰੀ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਦਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਤੰਬਰ 2026 ਦੌਰਾਨ ਮੋਹਾਲੀ ਵਿਖੇ ਹੋਏ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਦੋ ਸਿਲਵਰ ਮੈਡਲ ਜਿੱਤੇ। ਇਸ ਤੋਂ ਬਾਅਦ ਨਵੰਬਰ 2026 ਵਿੱਚ ਮੋਹਾਲੀ ਵਿਖੇ ਹੋਏ ਆਈ.ਐੱਸ.ਐੱਸ.ਐੱਫ. ਸਟੇਟ ਮੁਕਾਬਲਿਆਂ ਵਿੱਚ 50 ਮੀਟਰ ਪਿਸਟਲ .22 ਬੋਰ ਵਰਗ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਨਵੰਬਰ 2026 ਵਿੱਚ ਦੇਹਰਾਦੂਨ ਵਿਖੇ ਹੋਏ ਪ੍ਰੀ-ਨੈਸ਼ਨਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ 10 ਮੀਟਰ ਏਅਰ ਪਿਸਟਲ ਵਰਗ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਅਕਤੂਬਰ 2026 ਵਿੱਚ ਭੋਪਾਲ ਵਿਖੇ ਹੋਏ ਓਪਨ ਇੰਡੀਆ ਟੂਰਨਾਮੈਂਟ ਵਿੱਚ ਵੀ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਆਪਣੀ ਇਸ ਸਫਲਤਾ ਦਾ ਸਿਹਰਾ ਦਪਿੰਦਰ ਸਿੰਘ ਬਰਾੜ ਨੇ ਆਪਣੇ ਮਾਪਿਆਂ ਅਤੇ ਕੋਚ ਸ੍ਰੀ ਹਸਨਪ੍ਰੀਤ ਸਿੰਘ ਬਰਾੜ ਨੂੰ ਦਿੱਤਾ।