ਜਨਮ ਅਸ਼ਟਮੀ ਨੂੰ ਲੈ ਕੇ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਜਨਮ ਅਸ਼ਟਮੀ ਨੂੰ ਲੈ ਕੇ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ
Publish Date: Fri, 04 Sep 2026 05:01 PM (IST)
Updated Date: Fri, 04 Sep 2026 05:01 PM (IST)
ਨਰੇਸ਼ ਕੁਮਾਰ ਕਾਮਰਾ. ਪੰਜ਼ਾਬੀ ਜਾਗਰਣ ਫ਼ਾਜ਼ਿਲਕਾ : ਜਨਮ ਅਸ਼ਟਮੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸੇ ਤਹਿਤ ਫਾਜ਼ਿਲਕਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੇਰ ਰਾਤ ਕਰੀਬ ਫ਼ਾਜ਼ਿਲਕਾ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਈਆਂ ਗਈਆਂ ਪੁਲਿਸ ਨਾਕਾਬੰਦੀਆਂ ਦੀ ਅਚਨਚੇਤ ਜਾਂਚ ਕੀਤੀ। ਐੱਸਐੱਸਪੀ ਨੇ ਫਾਜ਼ਿਲਕਾ ਚੁੰਗੀ, ਹਨੂੰਮਾਨਗੜ੍ਹ ਰੋਡ ਬਾਈਪਾਸ, ਗੁਮਜਾਲ ਅਤੇ ਪੰਜਾਬ-ਰਾਜਸਥਾਨ ਸਰਹੱਦ ਨੂੰ ਜੋੜਨ ਵਾਲੇ ਰਾਜਪੁਰਾ ਬੈਰੀਅਰ ਸਮੇਤ ਕਈ ਥਾਵਾਂ ’ਤੇ ਪਹੁੰਚ ਕੇ ਨਾਕਾਬੰਦੀ ਦਾ ਜਾਇਜ਼ਾ ਲਿਆ। ਕਰੀਬ ਦੋ ਘੰਟੇ ਤੱਕ ਚੱਲੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਨਾਕਿਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ, ਵਾਹਨਾਂ ਦੀ ਚੈਕਿੰਗ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਖੁਦ ਪਰਖਿਆ। ਇਸ ਮੌਕੇ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਨਾਕਾਬੰਦੀ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਗੈਰਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰ ਦੇ ਮੱਦੇਨਜ਼ਰ ਸਾਰੇ ਨਾਕਿਆਂ ’ਤੇ ਪੁਲਿਸ ਮੁਲਾਜ਼ਮ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਐੱਸਪੀ ਸਤੀਸ਼ ਕੁਮਾਰ ਨੂੰ ਵੀ ਜ਼ਿਲ੍ਹੇ ਵਿੱਚ ਲਗਾਈਆਂ ਗਈਆਂ ਸਾਰੀਆਂ ਨਾਕਾਬੰਦੀਆਂ ਦੀ ਲਗਾਤਾਰ ਨਿਗਰਾਨੀ ਅਤੇ ਅਚਨਚੇਤ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਐੱਸਐੱਸਪੀ ਨੇ ਕਿਹਾ ਕਿ ਨਾਕਾਬੰਦੀਆਂ ਦੀ ਇਹ ਜਾਂਚ ਜਨਮ ਅਸ਼ਟਮੀ ਦੇ ਸਮਾਗਮਾਂ ਦੇ ਨਾਲ-ਨਾਲ ਰੋਜ਼ਾਨਾ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਰੇ ਨਾਕਿਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਮੁਸਤੈਦੀ ਨਾਲ ਡਿਊਟੀ ਕਰਦੇ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਤਿਉਹਾਰ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਜਾਂ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਹਰੀਸ਼ ਕੁਮਾਰ, ਥਾਣਾ ਇੰਚਾਰਜ ਰਵਿੰਦਰ ਸ਼ਰਮਾ, ਥਾਣਾ ਬਹਾਵਵਾਲਾ ਦੇ ਇੰਚਾਰਜ ਰਵਿੰਦਰ, ਥਾਣਾ ਇੰਚਾਰਜ ਅਮਰਿੰਦਰ ਕੁਮਾਰ ਅਤੇ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਪਰਮਜੀਤ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਮੰਦਰਾਂ ਦੇ ਬਾਹਰ ਪੁਲਿਸ ਤਾਇਨਾਤ, ਪੀਸੀਆਰ ਟੀਮਾਂ ਕਰਨਗੀਆਂ ਗਸ਼ਤ ਐੱਸਐੱਸਪੀ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪੀਸੀਆਰ ਟੀਮਾਂ ਵੱਲੋਂ ਦੇਰ ਰਾਤ ਤੱਕ ਲਗਾਤਾਰ ਗਸ਼ਤ ਕੀਤੀ ਜਾਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਕਰਵਾਉਣਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਤਿਉਹਾਰ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।