ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 836 ਗ੍ਰਾਮ ਆਈਸ ਡਰੱਗ ਅਤੇ 20 ਗ੍ਰਾਮ ਅਫੀਮ ਸਮੇਤ ਦੋ ਕਾਬੂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਦੀ ਕਾਰਵਾਈ, 836 ਗ੍ਰਾਮ ਆਈਸ ਡਰੱਗ ਅਤੇ 20 ਗ੍ਰਾਮ ਅਫੀਮ ਸਮੇਤ ਦੋ ਮੁਲਜ਼ਮ ਕਾਬੂ
Publish Date: Fri, 06 Nov 2026 05:12 PM (IST)
Updated Date: Fri, 06 Nov 2026 05:14 PM (IST)
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸਫ਼ਲਤਾ ਮਿਲੀ ਹੈ। ਪੁਲਿਸ ਨੇ 836 ਗ੍ਰਾਮ ਆਈਸ ਡਰੱਗ ਅਤੇ 20 ਗ੍ਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਸੀਆਈਏ ਫਾਜ਼ਿਲਕਾ ਦੀ ਟੀਮ ਨੇ ਕਾਰਵਾਈ ਕਰਦਿਆਂ 836 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀਆਈਏ ਫਾਜ਼ਿਲਕਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ-1 ਅਬੋਹਰ ਦੇ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੀਡ ਫਾਰਮ ਪੱਕਾ, ਅਬੋਹਰ ਹੈਰੋਇਨ ਅਤੇ ਆਈਸ ਡਰੱਗ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੱਸੀ ਗਈ ਜਗ੍ਹਾ ’ਤੇ ਰੇਡ ਕੀਤੀ ਅਤੇ ਰਜਿੰਦਰ ਸਿੰਘ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 836 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿਟੀ-1 ਅਬੋਹਰ ਵਿਖੇ ਮੁਕੱਦਮਾ ਨੰਬਰ 348 ਮਿਤੀ 2 ਨਵੰਬਰ 2026 ਤਹਿਤ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਬੀਐੱਸਐੱਫ ਨਾਲ ਸਾਂਝੀ ਕਾਰਵਾਈ ਦੌਰਾਨ 20 ਗ੍ਰਾਮ ਅਫੀਮ ਬਰਾਮਦ ਦੂਜੇ ਮਾਮਲੇ ਵਿੱਚ ਥਾਣਾ ਸਦਰ ਜਲਾਲਾਬਾਦ ਪੁਲਿਸ ਅਤੇ ਬੀਐੱਸਐੱਫ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ। 2 ਨਵੰਬਰ 2026 ਨੂੰ ਐੱਸਆਈ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਬੀਐੱਸਐੱਫ ਦੇ ਜਵਾਨਾਂ ਨਾਲ ਮਿਲ ਕੇ ਚੌਂਕੀ ਘੁਬਾਇਆ ਦੇ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਚੱਕ ਬਜੀਦਾ ਨੇੜੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਕੋਲੋਂ 20 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮਦਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਚੱਕ ਬਜੀਦਾ, ਉਮਰ ਕਰੀਬ 35 ਸਾਲ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 237 ਮਿਤੀ 2 ਨਵੰਬਰ 2026 ਤਹਿਤ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।