- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਹੋਰ ਕਾਰਵਾਈ ਕਰਦਿਆਂ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ 270 ਗ੍ਰਾਮ ਹੈਰੋਇਨ, ਦੋ ਡਰੋਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ।

ਦੀਪਕ ਕੁਮਾਰ ਡੀਕੇ.ਪੰਜਾਬੀ ਜਾਗਰਣ,ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਹੋਰ ਕਾਰਵਾਈ ਕਰਦਿਆਂ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ 270 ਗ੍ਰਾਮ ਹੈਰੋਇਨ, ਦੋ ਡਰੋਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਐੱਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ 25 ਸਤੰਬਰ 2026 ਨੂੰ ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ ਸੀ.ਆਈ.ਏ. ਫਾਜ਼ਿਲਕਾ ਦੀ ਨਿਗਰਾਨੀ ਹੇਠ ਐੱਸ.ਆਈ. ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਥਾਣਾ ਸਦਰ ਜਲਾਲਾਬਾਦ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।
ਇਸ ਦੌਰਾਨ ਪਿੰਡ ਸੁਖੇਰਾ ਬੋਦਲਾ ਤੋਂ ਅੱਗੇ ਘੁਬਾਇਆ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇੜੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ। ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 270 ਗ੍ਰਾਮ ਹੈਰੋਇਨ ਅਤੇ ਦੋ ਡਰੋਨ ਬਰਾਮਦ ਹੋਏ। ਪੁਲਿਸ ਨੇ ਤਿੰਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਅਤੇ ਬਰਾਮਦ ਨਸ਼ੀਲਾ ਪਦਾਰਥ ਤੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਏ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਹਰਮੇਸ਼ ਸਿੰਘ ਉਰਫ਼ ਗੱਗੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਫੱਤੂ ਵਾਲਾ, ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੋਧਾ ਭੈਣੀ ਅਤੇ ਬਲਵਿੰਦਰ ਸਿੰਘ ਉਰਫ਼ ਨੀਟੀ ਪੁੱਤਰ ਰਾਮ ਸਿੰਘ ਵਾਸੀ ਢਾਣੀ ਮਾਘ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 200 ਮਿਤੀ 25 ਸਤੰਬਰ 2026 ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21ਸੀ, 29/61/85 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪੁਲਿਸ ਅਨੁਸਾਰ ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋਂ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮਕਸਦ ਨਸ਼ਾ ਤਸਕਰੀ ਨਾਲ ਜੁੜੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਹੈ।
ਦੋ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ
ਪੁਲਿਸ ਮੁਤਾਬਕ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਥਾਣਾ ਸਦਰ ਸ਼ਾਹਕੋਟ ਵਿਖੇ ਮੁਕੱਦਮਾ ਨੰਬਰ 44/2026, ਧਾਰਾ 21, 29/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 85/24, ਧਾਰਾ 21ਸੀ/61/85 ਐੱਨ.ਡੀ.ਪੀ.ਐੱਸ. ਐਕਟ ਅਤੇ ਮੁਕੱਦਮਾ ਨੰਬਰ 134/26, ਧਾਰਾ 25/54/59 ਅਸਲਾ ਐਕਟ ਤਹਿਤ ਪਹਿਲਾਂ ਮਾਮਲੇ ਦਰਜ ਹੋਣ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਰਾਮਦਗੀ ਦੇ ਸਰੋਤ ਅਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਸੰਪਰਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।