- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਨਵੀਂ ਆਬਾਦੀ ਦੀ ਗਲੀ ਨੰਬਰ 14 ਵਿੱਚ ਇੱਕ ਕਰੀਬ 23 ਸਾਲਾ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਮਿਲੇ ਨੋਟ ਵਿੱਚ ਮ੍ਰਿਤਕਾ ਨੇ ਆਪਣੀ ਭਾਬੀ ’ਤੇ ਪਰਿਵਾਰ ਵਿੱਚ ਕਲੇਸ਼ ਪੈਦਾ ਕਰਨ ਅਤੇ ਘਰ ਤਬਾਹ ਕਰਨ ਦੇ ਦੋਸ਼ ਲਗਾਏ ਹਨ। ਥਾਣਾ ਨੰਬਰ 2 ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ : ਸਥਾਨਕ ਨਵੀਂ ਆਬਾਦੀ ਦੀ ਗਲੀ ਨੰਬਰ 14 ਵਿੱਚ ਇੱਕ ਕਰੀਬ 23 ਸਾਲਾ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਮਿਲੇ ਨੋਟ ਵਿੱਚ ਮ੍ਰਿਤਕਾ ਨੇ ਆਪਣੀ ਭਾਬੀ ’ਤੇ ਪਰਿਵਾਰ ਵਿੱਚ ਕਲੇਸ਼ ਪੈਦਾ ਕਰਨ ਅਤੇ ਘਰ ਤਬਾਹ ਕਰਨ ਦੇ ਦੋਸ਼ ਲਗਾਏ ਹਨ। ਥਾਣਾ ਨੰਬਰ 2 ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਲੀ ਨੰਬਰ 14 ਵੱਡੀ ਪੌੜੀ ਵਾਸੀ ਡਾ. ਮਦਨ ਲਾਲ ਚੌਧਰੀ ਆਪਣੀ ਸਿਹਤ ਖ਼ਰਾਬ ਹੋਣ ਕਾਰਨ ਆਪਣੇ ਪੁੱਤਰ ਸਨਪ੍ਰੀਤ ਉਰਫ਼ ਸੋਨੂੰ ਅਤੇ ਪਤਨੀ ਰਾਣੀ ਚੌਧਰੀ ਨਾਲ ਦਵਾਈ ਲੈਣ ਲਈ ਸ੍ਰੀਗੰਗਾਨਗਰ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਪੁੱਤਰੀ ਆਰਤੀ ਘਰ ਵਿੱਚ ਇਕੱਲੀ ਸੀ। ਸ਼ਾਮ ਨੂੰ ਪਰਿਵਾਰ ਵਾਪਸ ਘਰ ਪਹੁੰਚਿਆ ਤਾਂ ਮੁੱਖ ਗੇਟ ਅੰਦਰੋਂ ਬੰਦ ਮਿਲਿਆ। ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰ ਨੇ ਗੁਆਂਢੀ ਦੇ ਘਰ ਰਾਹੀਂ ਛੱਤ ਤੋਂ ਘਰ ਵਿੱਚ ਦਾਖਲ ਹੋ ਕੇ ਗੇਟ ਖੋਲ੍ਹਿਆ। ਇਸ ਤੋਂ ਬਾਅਦ ਆਰਤੀ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਇੱਕ ਕਥਿਤ ਨੋਟ ਵੀ ਮਿਲਿਆ ਹੈ। ਇਸ ਵਿੱਚ ਮ੍ਰਿਤਕਾ ਵੱਲੋਂ ਆਪਣੀ ਭਾਬੀ ’ਤੇ ਪਰਿਵਾਰਕ ਵਿਵਾਦ ਸਬੰਧੀ ਕਥਿਤ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਨੋਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਸਨਪ੍ਰੀਤ ਉਰਫ਼ ਸੋਨੂੰ ਪੰਜਾਬ ਗ੍ਰਾਮੀਣ ਬੈਂਕ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਸੁਜਾਵਲਪੁਰ ਵਿਖੇ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਵਿੱਚ ਕਥਿਤ ਤੌਰ ’ਤੇ ਵਿਵਾਦ ਚੱਲਣ ਲੱਗਾ। ਮ੍ਰਿਤਕਾ ਦੀ ਭਾਬੀ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਆਪਣੇ ਪੇਕੇ ਰਹਿ ਰਹੀ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਪਰਿਵਾਰ ਵਿੱਚ ਹੋਰ ਕਈ ਮੁੱਦਿਆਂ ਨੂੰ ਲੈ ਕੇ ਵੀ ਕਥਿਤ ਤੌਰ ’ਤੇ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਲਿਸ ਵੱਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ। ਪਰਿਵਾਰਕ ਕਲੇਸ਼ ਕਾਰਨ ਡਾ. ਮਦਨ ਲਾਲ ਚੌਧਰੀ ਦੀ ਸਿਹਤ ਵੀ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ।
ਦੱਸਿਆ ਜਾਂਦਾ ਹੈ ਕਿ ਡਾ. ਚੌਧਰੀ ਦੇ ਛੋਟੇ ਪੁੱਤਰ ਮੋਨੂੰ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਆਰਤੀ ਨੂੰ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਤੋਂ ਗੋਦ ਲਿਆ ਸੀ। ਹੁਣ ਆਰਤੀ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕਾ ਦੇ ਭਰਾ ਸਨਪ੍ਰੀਤ ਨੇ ਪੁਲਿਸ ਤੋਂ ਕਥਿਤ ਨੋਟ ਦੇ ਆਧਾਰ ’ਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਪੋਸਟਮਾਰਟਮ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।