- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਥਾਣਾ ਸਿਟੀ ਅੰਦਰ ਬੀਤੀ ਦੇਰ ਰਾਤ ਕਰੀਬ 2 ਵਜੇ ਲਗਾਤਾਰ ਹੋਏ ਤੇਜ਼ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਧਮਾਕਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਥਾਣੇ ਦੇ ਅੰਦਰ ਖੜ੍ਹੇ ਮਾਲ ਮੁਕੱਦਮਾ ਵਾਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ।

ਹੈਪੀ ਕਾਠਪਾਲ.ਪੰਜਾਬੀ ਜਾਗਰਣ,ਜਲਾਲਾਬਾਦ: ਸਥਾਨਕ ਥਾਣਾ ਸਿਟੀ ਅੰਦਰ ਬੀਤੀ ਦੇਰ ਰਾਤ ਕਰੀਬ 2 ਵਜੇ ਲਗਾਤਾਰ ਹੋਏ ਤੇਜ਼ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਧਮਾਕਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਥਾਣੇ ਦੇ ਅੰਦਰ ਖੜ੍ਹੇ ਮਾਲ ਮੁਕੱਦਮਾ ਵਾਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ।
ਘਟਨਾ ਤੋਂ ਬਾਅਦ ਅੱਜ ਸਵੇਰੇ ਐਸਐਸਪੀ ਫਾਜ਼ਿਲਕਾ ਗਗਨ ਅਜੀਤ ਸਿੰਘ, ਐਸਪੀ ਸਤਿੰਦਰ ਕੁਮਾਰ ਅਤੇ ਡੀਐਸਪੀ ਹੈਡ ਕੁਆਰਟਰ ਫਾਜ਼ਿਲਕਾ ਲਵਜੀਤ ਸਿੰਘ ਗਿੱਲ ਮੌਕੇ ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ । ਜਿਸ ਤੋਂ ਬਾਅਦ ਬਠਿੰਡਾ ਤੋਂ ਫੋਰੈਂਸਿਕ ਟੀਮ ਵੀ ਥਾਣਾ ਸਿਟੀ ਪਹੁੰਚੀ ਅਤੇ ਮੌਕੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ। ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਿਕ ਮੌਕੇ ’ਤੇ ਪਹੁੰਚੀ ਫੋਰੈਂਸਿਕ ਟੀਮ ਵੱਲੋਂ ਧਮਾਕਿਆਂ ਵਾਲੀ ਥਾਂ ਦਾ ਨਿਰੀਖਣ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਥਾਣੇ ਅੰਦਰ ਖੜ੍ਹੇ ਮਾਲ ਮੁਕੱਦਮਾ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਐਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਧਮਾਕਿਆਂ ਕਾਰਨ ਥਾਣੇ ਅੰਦਰ ਖੜ੍ਹੇ ਮਾਲ ਮੁਕੱਦਮਾ ਵਾਹਨਾਂ ਦੇ ਸ਼ੀਸ਼ੇ ਟੁੱਟੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਢਲੀ ਜਾਂਚ ਵਿੱਚ ਕਿਸੇ ਤਰ੍ਹਾਂ ਦੇ ਬੰਬ ਧਮਾਕੇ ਦੀ ਘਟਨਾ ਸਾਹਮਣੇ ਨਹੀਂ ਆਈ ਹੈ। ਐਸਪੀ ਨੇ ਦੱਸਿਆ ਕਿ ਵਾਹਨਾਂ ਵਿੱਚ ਲੱਗੀਆਂ ਜਾਂ ਰੱਖੀਆਂ ਬੈਟਰੀਆਂ ਫਟਣ ਕਾਰਨ ਧਮਾਕਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਧਮਾਕੇ ਦੇ ਅਸਲ ਕਾਰਨ ਸਬੰਧੀ ਸਥਿਤੀ ਫੋਰੈਂਸਿਕ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਫਿਲਹਾਲ ਫੋਰੈਂਸਿਕ ਟੀਮ ਵੱਲੋਂ ਮੌਕੇ ਤੋਂ ਸਬੂਤ ਅਤੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਪੀ ਨੇ ਦੱਸਿਆ ਕਿ ਮੌਕੇ ਤੇ ਸੀਸੀ ਟੀਵੀ ਫੁਟੇਜ ਇਕੱਠੀ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੇ ਦੇਰ ਰਾਤ ਥਾਣਾ ਸਿਟੀ ਅੰਦਰ ਹੋਏ ਤੇਜ਼ ਧਮਾਕਿਆਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੇ ਜਵਾਬ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਮਿਲਣ ਦੀ ਉਮੀਦ ਹੈ।