ਫਾਜ਼ਿਲਕਾ ’ਚ 'ਬਲੈਕਆਊਟ' ਮੌਕ ਡਰਿੱਲ ਅੱਜ : ਡਿਪਟੀ ਕਮਿਸ਼ਨਰ -ਰਾਤ 8 ਵਜੇ ਤੋਂ
Publish Date: Thu, 26 Nov 2026 04:34 PM (IST)
Updated Date: Fri, 27 Nov 2026 04:05 AM (IST)
-ਰਾਤ 8 ਵਜੇ ਤੋਂ 8.05 ਵਜੇ ਤੱਕ ਬੰਦ ਰਹੇਗੀ ਬਿਜਲੀ ਸਪਲਾਈ, ਜ਼ਿਲ੍ਹਾ ਵਾਸੀ ਨਾ ਘਬਰਾਉਣ : ਅਮਰਪ੍ਰੀਤ ਕੌਰ ਸੰਧੂ ਰਮਨ ਕੁਮਾਰ. ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ ਨੂੰ ਫਾਜ਼ਿਲਕਾ ਵਿਖੇ ਵਿਸ਼ੇਸ਼ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਰਾਤ 8 ਵਜੇ ਤੋਂ 8.05 ਵਜੇ ਤੱਕ ਹੋਵੇਗਾ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਸ-ਪਾਸ ਦੇ ਨਿਰਧਾਰਤ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਮਨਦੀਪ ਕੌਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਹਾਲਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਆਪਸੀ ਤਾਲਮੇਲ ਦਾ ਜਾਇਜ਼ਾ ਲੈਣਾ ਹੈ। ਇਸ ਅਭਿਆਸ ਰਾਹੀਂ ਵੱਖ-ਵੱਖ ਵਿਭਾਗਾਂ ਦੀ ਕਾਰਜਪ੍ਰਣਾਲੀ ਅਤੇ ਐਮਰਜੈਂਸੀ ਸੇਵਾਵਾਂ ਦੀ ਤਿਆਰੀ ਨੂੰ ਪਰਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 27 ਨਵੰਬਰ ਨੂੰ ਰਾਤ 8 ਵਜੇ ਤੋਂ 8.05 ਵਜੇ ਤੱਕ ਬਸਤੀ ਹਜ਼ੂਰ ਸਿੰਘ ਫੀਡਰ, ਅਮਰ ਕਲੋਨੀ, ਮਹਾਜਨ ਮਾਰਕੀਟ, ਬਸਤੀ ਹਜ਼ੂਰ ਸਿੰਘ, ਡੇਡ ਰੋਡ, ਪ੍ਰੇਮ ਗਲੀ, ਆਰੀਆ ਨਗਰ, ਧਾਨਕਾ ਮੁਹੱਲਾ, ਕਾਲਕਾ ਮੰਦਰ ਦੇ ਪਿਛਲੇ ਪਾਸੇ ਵਾਲਾ ਇਲਾਕਾ, ਕਾਲੀ ਵਾਲੀ ਗਲੀ, ਕੈਲਾਸ਼ ਨਗਰ, ਸੇਤੀਆ ਕਲੋਨੀ, ਲਕਸ਼ਮੀ ਨਾਰਾਇਣ ਇਲਾਕਾ, ਗੁਪਤਾ ਗੈਸ ਦਫ਼ਤਰ ਇਲਾਕਾ, ਗਊਸ਼ਾਲਾ ਲਿੰਕ ਰੋਡ, ਨਹਿਰੂ ਨਗਰ, ਰੇਵੜੀਆ ਗਲੀ, ਬਾਲਾ ਜੀ ਮਾਰਕੀਟ ਅਤੇ ਮੰਦਰ ਇਲਾਕਾ, ਗੁਪਤਾ ਹਸਪਤਾਲ ਇਲਾਕਾ, ਜੱਟੀਆ ਮੁਹੱਲਾ, ਸ਼ਹੀਦ ਭਗਤ ਸਿੰਘ ਮਾਰਕੀਟ, ਉਡਾ ਬਸਤੀ ਫੀਡਰ, ਅੰਨੀ ਦਿਲੀ, ਜੰਡਵਾਲਾ ਰੋਡ, ਖਟਿਕਾ ਮੁਹੱਲਾ, ਉਡਾ ਬਸਤੀ, ਗਾਵੜੀ ਕੰਡਾ ਇਲਾਕਾ, ਗਾਂਧੀ ਆਇਲ ਮਿੱਲ, ਗਾਂਧੀ ਨਗਰ ਪਾਰਕ ਦੇ ਨੇੜਲੇ ਇਲਾਕੇ, ਐਸਡੀਐਮ ਦਫ਼ਤਰ, ਪਟਵਾਰਖਾਨਾ ਇਲਾਕਾ ਅਤੇ ਅਮਰ ਹੋਟਲ ਦੇ ਨੇੜਲੇ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਸਿਵਲ ਡਿਫੈਂਸ ਵਿਭਾਗ ਦੇ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਹੋਵੇਗੀ। ਇਹ ਸਾਇਰਨ ਦੋ ਮਿੰਟ ਤੱਕ ਉੱਚੀ ਅਤੇ ਨੀਵੀਂ ਆਵਾਜ਼ ਵਿੱਚ ਵਜਾਇਆ ਜਾਵੇਗਾ। ਸਾਇਰਨ ਵੱਜਣ ਦੇ ਨਾਲ ਹੀ ਨਿਰਧਾਰਤ ਇਲਾਕਿਆਂ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਅਭਿਆਸ ਦੀ ਸਮਾਪਤੀ ’ਤੇ ਆਲ ਕਲੀਅਰ ਦਾ ਸੰਕੇਤ ਦਿੱਤਾ ਜਾਵੇਗਾ। ਇਸ ਲਈ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ। ਇਸ ਮੌਕ ਡਰਿੱਲ ਦੌਰਾਨ ਬਲੈਕਆਊਟ ਦੇ ਨਾਲ-ਨਾਲ ਵੱਖ-ਵੱਖ ਰਾਹਤ ਕਾਰਜਾਂ ਦਾ ਵੀ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਅਹਿਮ ਭੂਮਿਕਾ ਨਿਭਾਉਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਇੱਕ ਨਿਯਮਤ ਅਭਿਆਸ ਹੈ ਅਤੇ ਇਸ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਸਹਿਯੋਗ ਨਾਲ ਪਾਲਣ ਕਰਨ।