- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਅਤੇ ਸੀਤੋ ਗੁੰਨੋ ਖੇਤਰ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਪੀਲੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਕਰੀਬ 11 ਬੱਚਿਆਂ ਦੇ ਬਿਮਾਰ ਹੋਣ ਦੀ ਜਾਣਕਾਰੀ ਮਿਲੀ ਹੈ।

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਅਤੇ ਸੀਤੋ ਗੁੰਨੋ ਖੇਤਰ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਪੀਲੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਕਰੀਬ 11 ਬੱਚਿਆਂ ਦੇ ਬਿਮਾਰ ਹੋਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਬਿਲੀਰੂਬਿਨ ਅਤੇ ਲਿਵਰ ਐਂਜ਼ਾਈਮ ਆਮ ਨਾਲੋਂ ਕਈ ਗੁਣਾ ਵੱਧ ਪਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਚਲਾਉਣ ਵਾਲੇ ਲੋਕਾਂ ਲਈ ਬੱਚਿਆਂ ਦੇ ਇਲਾਜ ਦੇ ਨਾਲ ਘਰ ਦਾ ਖਰਚ ਚਲਾਉਣਾ ਵੀ ਮੁਸ਼ਕਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਬਿਸ਼ਨਪੁਰਾ ਵਾਸੀ ਸੁਖਪਾਲ ਦੀ 9 ਸਾਲਾ ਧੀ ਸੰਧਿਆ ਪਿਛਲੇ ਕਰੀਬ 20 ਦਿਨਾਂ ਤੋਂ ਪੀਲੀਆ ਤੋਂ ਪੀੜਤ ਹੈ।
ਪਰਿਵਾਰ ਅਨੁਸਾਰ ਅਬੋਹਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਠ ਦਿਨਾਂ ਦੇ ਇਲਾਜ ’ਤੇ ਕਰੀਬ 60 ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ, ਪਰ ਬੱਚੀ ਅਜੇ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋਈ। ਉਸ ਦੀ ਰਿਪੋਰਟ ਵਿੱਚ ਕੁੱਲ ਬਿਲੀਰੂਬਿਨ 19.83 ਐਮਜੀ/ਡੀਐਲ ਦਰਜ ਹੋਣ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ 13 ਸਾਲਾ ਪੂਜਾ ਦੀ ਰਿਪੋਰਟ ਵਿੱਚ ਬਿਲੀਰੂਬਿਨ 5.7 ਐਮਜੀ/ਡੀਐਲ, ਜਦਕਿ ਐਸਜੀਓਟੀ 95 ਅਤੇ ਐਸਜੀਪੀਟੀ 897 ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਿੰਡ ਵਾਸੀਆਂ ਮੁਤਾਬਕ ਸੁਖਦੇਵ, ਚਰਨਜੀਤ ਅਤੇ ਬਾਬੂਰਾਮ ਦੇ ਪਰਿਵਾਰਾਂ ਵਿੱਚ ਇੱਕੋ ਸਮੇਂ ਦੋ-ਦੋ ਬੱਚੇ ਬਿਮਾਰ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੂਸ਼ਿਤ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ, ਪਰ ਇਸ ਦੀ ਸਥਾਈ ਜਾਂਚ ਅਤੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਅਨੁਸਾਰ ਕਰੀਬ 10-12 ਦਿਨ ਪਹਿਲਾਂ ਸਰਪੰਚ ਸੁਨੀਲ ਕੁਮਾਰ ਵੱਲੋਂ ਦੂਸ਼ਿਤ ਪਾਣੀ ਦੇ ਸੈਂਪਲ ਜਨ ਸਿਹਤ ਵਿਭਾਗ ਨੂੰ ਜਾਂਚ ਲਈ ਭੇਜਣ ਦੀ ਗੱਲ ਕਹੀ ਗਈ ਸੀ। ਜਦੋਂ ਹੁਣ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਸਰਪੰਚ ਨੇ ਇਸ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹਿੰਦਿਆਂ ਸਬੰਧਤ ਜੇਈ ਤੋਂ ਪੁੱਛ ਕੇ ਦੱਸਣ ਦੀ ਗੱਲ ਆਖੀ।
ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਨਿੱਜੀ ਕੰਮ ਵਿੱਚ ਰੁੱਝੇ ਹੋਏ ਹਨ ਅਤੇ ਬਾਅਦ ਵਿੱਚ ਗੱਲ ਕਰਨਗੇ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਮੈਡੀਕਲ ਟੀਮ ਪਿੰਡ ਵਿੱਚ ਭੇਜੀ ਜਾਵੇ, ਬੱਚਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇ।
ਨਾਲ ਹੀ ਦੂਸ਼ਿਤ ਪਾਣੀ ਦੀ ਜਾਂਚ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪਿੰਡ ਵਾਸੀਆਂ ਅਨੁਸਾਰ ਪੀਲੀਆ ਦੇ ਗੰਭੀਰ ਲੱਛਣਾਂ ਵਾਲੇ ਬੱਚਿਆਂ ਵਿੱਚ ਸੰਧਿਆ ਦੇਵੀ ਪੁੱਤਰੀ ਸੁਖਪਾਲ (9), ਪੂਜਾ (13), ਰਮਨਦੀਪ ਪੁੱਤਰੀ ਮਾਨਕ (9), ਕਾਜਲ ਪੁੱਤਰੀ ਸੁਖਦੇਵ (5), ਦਿਵਿਆ ਪੁੱਤਰੀ ਸੁਖਦੇਵ (3), ਲਕਸ਼ਮੀ ਪੁੱਤਰੀ ਚਰਨਜੀਤ (14), ਲਵਦੀਪ ਪੁੱਤਰ ਬਾਬੂਰਾਮ (6), ਨਵਦੀਪ ਪੁੱਤਰ ਬਾਬੂਰਾਮ (4), ਜੈਸਿਕਾ (8) ਅਤੇ ਅਰਜੁਨ ਸ਼ਾਮਲ ਹਨ।