ਫਾਜ਼ਿਲਕਾ ਨਗਰ ਕੌਂਸਲ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ, ਫਾਜ਼ਿਲਕਾ ਤੋਂ ਹੋ ਚੁੱਕਾ ਪੰਜਾਬ ’ਚ ਬਦਲਾਅ ਦਾ ਆਗਾਜ਼ ਫਾਜ਼ਿਲਕਾ ਨਗਰ ਕੌਂਸਲ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ, ਤਰੁਣ ਚੁੱਘ ਨੇ ‘ਆਪ’ ਤੇ ਕਾਂਗਰਸ ’ਤੇ ਸਾਧਿਆ ਨਿਸ਼ਾਨਾ
Publish Date: Mon, 24 Aug 2026 05:14 PM (IST)
Updated Date: Mon, 24 Aug 2026 05:15 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਨਗਰ ਕੌਂਸਲ ਨੂੰ ਪਹਿਲੀ ਮਹਿਲਾ ਪ੍ਰਧਾਨ ਮਿਲਣ ਤੋਂ ਬਾਅਦ ਨਗਰ ਕੌਂਸਲ ਦਫ਼ਤਰ ਵਿਖੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ। ਨਗਰ ਕੌਂਸਲ ਚੋਣਾਂ ਤੋਂ ਬਾਅਦ ਨਵ-ਨਿਯੁਕਤ ਭਾਜਪਾ ਮਹਿਲਾ ਪ੍ਰਧਾਨ ਅਨੀਤਾ ਜੈਰਥ ਨੂੰ ਅਧਿਕਾਰਤ ਤੌਰ ’ਤੇ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਤਰੁਣ ਚੁੱਘ ਨੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰਿਆ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅਬੋਹਰ ਅਤੇ ਫਾਜ਼ਿਲਕਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਕਥਿਤ ਦਬਾਅ ਦੇ ਬਾਵਜੂਦ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ‘ਆਪ’ ਦੇ ਦਬਾਅ ਦੇ ਬਾਵਜੂਦ ਭਾਜਪਾ ਨੇ ਹਾਸਲ ਕੀਤੇ ਅਹੁਦੇ : ਚੁੱਘ ਤਰੁਣ ਚੁੱਘ ਨੇ ਕਿਹਾ ਕਿ ਕਥਿਤ ਤੌਰ ’ਤੇ ਸਾਰੇ ਹਥਕੰਡਿਆਂ ਦੇ ਬਾਵਜੂਦ ਭਾਜਪਾ ਨੇ ਫਾਜ਼ਿਲਕਾ ਵਿੱਚ ਨਗਰ ਕੌਂਸਲ ਪ੍ਰਧਾਨ ਅਤੇ ਅਬੋਹਰ ਵਿੱਚ ਨਗਰ ਨਿਗਮ ਮੇਅਰ ਦਾ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਏਜੰਡੇ ਨਾਲ ਖੜ੍ਹੇ ਹੋਣ ਦਾ ਸੰਕੇਤ ਹੈ। ਉਨ੍ਹਾਂ ਆਪਣੇ-ਆਪ ਨੂੰ ਪੰਜਾਬ ਦਾ ਇੱਕ ਆਮ ਵਰਕਰ ਦੱਸਦਿਆਂ ਕਿਹਾ ਕਿ ਉਹ ਫਾਜ਼ਿਲਕਾ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਪਾਰਟੀ ਲੋਕਾਂ ਦਾ ਸਮਰਥਨ ਹਾਸਲ ਕਰੇਗੀ। ਕਾਂਗਰਸ ਤੇ ‘ਆਪ’ ’ਤੇ ਪਰਦੇ ਦੇ ਪਿੱਛੇ ਮਿਲੇ ਹੋਏ ਹਨ : ਤਰੁਣ ਚੁੱਘ ਤਰੁਣ ਚੁੱਘ ਨੇ ਕਾਂਗਰਸ ਤੇ ‘ਆਪ’ ’ਤੇ ਪਰਦੇ ਦੇ ਪਿੱਛੇ ਮਿਲ ਕੇ ਸਿਆਸਤ ਕਰਨ ਦੇ ਦੋਸ਼ ਲਗਾਏ। ਰਾਸ਼ਟਰੀ ਮੁੱਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੰਦੇ ਮਾਤਰਮ ਨੂੰ ਦੇਸ਼ ਦਾ ਰਾਸ਼ਟਰੀ ਗੀਤ ਦੱਸਿਆ ਅਤੇ ਕਾਂਗਰਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਤਿਹਾਸ ਵਿੱਚ ਕੀਤੀਆਂ ਗਈਆਂ ਕਈ ਗਲਤੀਆਂ ਨੂੰ ਲੋਕ ਅੱਜ ਵੀ ਯਾਦ ਰੱਖਦੇ ਹਨ। ਉਨ੍ਹਾਂ 1937 ਦੇ ਸਿਆਸੀ ਘਟਨਾਕ੍ਰਮ ਅਤੇ ਮੁਹੰਮਦ ਅਲੀ ਜਿਨਾਹ ਦਾ ਜ਼ਿਕਰ ਕਰਦਿਆਂ ਕਾਂਗਰਸ ’ਤੇ ਤਿੱਖੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਕਾਂਗਰਸ ਨੇ ਜਿਨਾਹ ਦੇ ਦਬਾਅ ਅੱਗੇ ਸਮਝੌਤਾ ਨਾ ਕੀਤਾ ਹੁੰਦਾ ਤਾਂ ਦੇਸ਼ ਦੀ ਵੰਡ ਦੀ ਸਥਿਤੀ ਵੱਖਰੀ ਹੋ ਸਕਦੀ ਸੀ। ਚੁੱਘ ਨੇ ਕਿਹਾ, ਫਾਜ਼ਿਲਕਾ ਤੋਂ ਆਗਾਜ਼ ਹੋ ਚੁੱਕਾ ਹੈ ਅਤੇ ਪੰਜਾਬ ਦੀ ਜਨਤਾ ਬਦਲਾਅ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਭਾਜਪਾ ਨੂੰ ਵਿਕਲਪ ਵਜੋਂ ਦੇਖ ਰਹੇ ਹਨ। 1984 ਦੇ ਦੰਗਿਆਂ ਦਾ ਵੀ ਕੀਤਾ ਜ਼ਿਕਰ ਭਾਜਪਾ ਆਗੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੌਰਾਨ ਬੇਕਸੂਰ ਲੋਕਾਂ ਨਾਲ ਹੋਈ ਹਿੰਸਾ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੇਕਸੂਰਾਂ ਨਾਲ ਜ਼ੁਲਮ ਕੀਤਾ, ਉਨ੍ਹਾਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਭਾਜਪਾ ਦੇ ਸੁਖਵਿੰਦਰ ਸਿੰਘ ਕਾਕਾ ਕੰਬੋਜ, ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ, ਸੀਨੀਅਰ ਆਗੂ ਅਸ਼ੋਕ ਜੈਰਥ, ਰੰਜਮ ਕਾਮਰਾ ਸਮੇਤ ਭਾਜਪਾ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ, ਸਥਾਨਕ ਕੌਂਸਲਰ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।