ਰਾਹੁਲ ਗਾਂਧੀ ’ਤੇ ਦਰਜ ਮੁਕੱਦਮੇ ਦੇ ਵਿਰੋਧ ’ਚ ਕਾਂਗਰਸ ਨੇ ਪ੍ਰਗਟਾਇਆ ਰੋਸ ਰਾਹੁਲ ਗਾਂਧੀ ’ਤੇ ਦਰਜ ਮੁਕੱਦਮੇ ਦੇ ਵਿਰੋਧ ’ਚ ਕਾਂਗਰਸ ਦਾ ਪ੍ਰਦਰਸ਼ਨ
Publish Date: Tue, 01 Sep 2026 05:06 PM (IST)
Updated Date: Tue, 01 Sep 2026 05:07 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਉੱਤਰਾਖੰਡ ਪੁਲਿਸ ਵੱਲੋਂ ਹਲਦਵਾਨੀ ਵਿੱਚ ਐੱਸਸੀ/ਐੱਸਟੀ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਦੇ ਵਿਰੋਧ ਵਿੱਚ ਫਾਜ਼ਿਲਕਾ ਕਾਂਗਰਸ ਵੱਲੋਂ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂ ਤੇ ਵਰਕਰ ਘੰਟਾਘਰ ਚੌਕ ਵਿੱਚ ਇਕੱਠੇ ਹੋਏ। ਇਸ ਦੌਰਾਨ ਕੇਂਦਰ ਅਤੇ ਉੱਤਰਾਖੰਡ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਦਲਿਤ ਸਮਾਜ ਦੇ ਹੱਕਾਂ, ਅਧਿਕਾਰਾਂ ਅਤੇ ਸਨਮਾਨ ਦੀ ਆਵਾਜ਼ ਬੁਲੰਦ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮੁਕੱਦਮਾ ਦਰਜ ਹੋਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕਰਨ ਦੀ ਬਜਾਏ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰਦਰਸ਼ਨ ਦੌਰਾਨ ਸੀਨੀਅਰ ਕਾਂਗਰਸ ਆਗੂ ਰਾਜ ਬਖ਼ਸ਼ ਕੰਬੋਜ, ਸਾਬਕਾ ਜ਼ਿਲ੍ਹਾ ਪ੍ਰਧਾਨ ਕੌਸ਼ਲ ਕੁਮਾਰ ਬੂਕ, ਕੌਂਸਲਰ ਭਜਨ ਲਾਲ, ਬਲਾਕ ਕਾਂਗਰਸ ਪ੍ਰਧਾਨ ਜਲਾਲਾਬਾਦ ਸੁਮਿਤ ਛਾਬੜਾ, ਨਰੇਸ਼ ਸ਼ਰਮਾ ਸਮੇਤ ਹੋਰ ਆਗੂਆਂ ਨੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਮੁਕੱਦਮੇ ਨੂੰ ਝੂਠਾ, ਬੇਬੁਨਿਆਦ ਅਤੇ ਸਿਆਸੀ ਸਾਜ਼ਿਸ਼ ਤੋਂ ਪ੍ਰੇਰਿਤ ਕਰਾਰ ਦਿੱਤਾ। ਬਲਾਕ ਕਾਂਗਰਸ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਮਨੂੰ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਦਰਜ ਐੱਫਆਈਆਰ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਹੈ। ਕਾਂਗਰਸ ਆਗੂ ਪਰਮਜੀਤ ਮਹੰਤ ਨੇ ਕਿਹਾ ਕਿ ਕਾਂਗਰਸ ਆਪਣੇ ਰਾਸ਼ਟਰੀ ਆਗੂ ਖ਼ਿਲਾਫ਼ ਕਥਿਤ ਸਿਆਸੀ ਸਾਜ਼ਿਸ਼ ਦਾ ਹਰ ਪੱਧਰ ’ਤੇ ਵਿਰੋਧ ਕਰੇਗੀ। ਪ੍ਰਦਰਸ਼ਨ ਦੀ ਕਾਰਵਾਈ ਦਾ ਮੰਚ ਸੰਚਾਲਨ ਪਰਮਜੀਤ ਮਹੰਤ ਨੇ ਕੀਤਾ। ਇਸ ਮੌਕੇ ਬਲਾਕ ਦਿਹਾਤੀ ਪ੍ਰਧਾਨ ਅਸ਼ੋਕ ਕੰਬੋਜ, ਜਸਬੀਰ ਸਿੰਘ ਸੈਣੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਭੱਟੀ, ਬਲਾਕ ਯੂਥ ਵਿੰਗ ਪ੍ਰਧਾਨ ਅੰਕੁਸ਼ਦੀਪ, ਯੋਗੇਸ਼ ਸ਼ਰਮਾ, ਸੂਬੇਦਾਰ ਚੰਦ ਸਿੰਘ, ਹਰਬੰਸ ਸਿੰਘ, ਪਵਨ ਚਾਵਲਾ ਕਾਲਾ, ਰਮਨ ਸਚਦੇਵਾ, ਨਰੇਸ਼ ਵਰਮਾ, ਭੀਮਸੈਨ ਢੱਲ, ਮੋਹਨ ਲਾਲ ਤਾਗੜਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।