ਟਿੱਪਰ ਦੀ ਲਪੇਟ ’ਚ ਆਉਣ ਨਾਲ ਦੋ ਬੱਚਿਆਂ ਦੇ ਪਿਤਾ ਦੀ ਮੌਤ, ਸੌਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ ਟਿੱਪਰ ਦੀ ਲਪੇਟ ’ਚ ਆਉਣ ਨਾਲ ਦੋ ਬੱਚਿਆਂ ਦੇ ਪਿਤਾ ਦੀ ਮੌਤ, ਸੌਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ
Publish Date: Fri, 28 Aug 2026 07:17 PM (IST)
Updated Date: Fri, 28 Aug 2026 07:19 PM (IST)
ਸ਼ਿਵਮ ਸੇਤੀਆ.ਪੰਜਾਬੀ ਜਾਗਰਣ ਅਬੋਹਰ: ਅਬੋਹਰ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 6:15 ਵਜੇ ਵਾਪਰੇ ਦਰਦਨਾਕ ਹਾਦਸੇ ’ਚ ਦੋ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਅਬੋਹਰ ਵਿੱਚ ਸੜਕ ਨਿਰਮਾਣ ਕਾਰਜ ਵਿੱਚ ਲੱਗੀ ਮਸ਼ੀਨ ’ਤੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਖੇਤਰ ਦੇ ਪਿੰਡ ਟਾਂਟ ਵਾਸੀ ਜਿਤੇਂਦਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਅਬੋਹਰ ਵਿੱਚ ਸੜਕ ਨਿਰਮਾਣ ਕਾਰਜ ਵਿੱਚ ਲੱਗੀ ਮਸ਼ੀਨ ’ਤੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਹ ਸੜਕ ਨਿਰਮਾਣ ਵਾਲੀ ਥਾਂ ਨੇੜੇ ਸੌਂ ਰਿਹਾ ਸੀ। ਇਸ ਦੌਰਾਨ ਇੱਕ ਟਿੱਪਰ ਚਾਲਕ ਵੱਲੋਂ ਵਾਹਨ ਨੂੰ ਪਿੱਛੇ ਕਰਦੇ ਸਮੇਂ ਟਿੱਪਰ ਜਿਤੇਂਦਰ ਦੇ ਉੱਪਰ ਚੜ੍ਹ ਗਿਆ। ਹਾਦਸੇ ਵਿੱਚ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਨਗਰ ਥਾਣਾ ਨੰਬਰ-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਟਿੱਪਰ ਚਾਲਕ ਗੁਰਦੇਵ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਰੱਖੜੀ ਦੀਆਂ ਤਿਆਰੀਆਂ ਵਿਚਾਲੇ ਘਰ ਪਹੁੰਚੀ ਮੌਤ ਦੀ ਖ਼ਬਰ ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਸ਼ੁੱਕਰਵਾਰ ਸਵੇਰੇ ਅਚਾਨਕ ਜਿਤੇਂਦਰ ਦੀ ਮੌਤ ਦੀ ਖ਼ਬਰ ਮਿਲਣ ਨਾਲ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਸੂਚਨਾ ਮਿਲਦਿਆਂ ਹੀ ਰਾਜਸਥਾਨ ਤੋਂ ਉਸ ਦੇ ਪਰਿਵਾਰਕ ਮੈਂਬਰ ਅਬੋਹਰ ਪਹੁੰਚ ਗਏ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਸਮੇਤ ਪਰਿਵਾਰ ਨੂੰ ਰੋਂਦਾ-ਵਿਲਕਦਾ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਹਾਦਸੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।