ਤਰੋਬੜੀ ਨਹਿਰ ’ਚ ਪੂਰਾ ਪਾਣੀ ਨਾ ਆਉਣ ਕਾਰਨ ਕਿਸਾਨ ਪਰੇਸ਼ਾਨ ਨਹਿਰ ਚ ਪਾਣੀ ਨਾ ਆਉਣ ਨਾਲ ਕਿਸਾਨ ਪਰੇਸ਼ਾਨ
Publish Date: Wed, 16 Sep 2026 03:41 PM (IST)
Updated Date: Wed, 16 Sep 2026 03:44 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਤਰੋਂਬੜੀ ਨਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਪੂਰਾ ਪਾਣੀ ਨਾ ਪਹੁੰਚਣ ਕਾਰਨ ਖੇਤਰ ਦੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਝੋਨੇ ਦੀ ਫ਼ਸਲ ਤਿਆਰ ਹੈ ਅਤੇ ਫ਼ਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ, ਪਰ ਨਹਿਰ ਦਾ ਪਾਣੀ ਟੇਲਾਂ ਤੱਕ ਪੂਰੀ ਮਾਤਰਾ ਵਿੱਚ ਨਹੀਂ ਪਹੁੰਚ ਰਿਹਾ। ਕਿਸਾਨ ਗੁਰਦੀਪ ਸਿੰਘ, ਪਰਮਜੀਤ ਸਿੰਘ, ਵਿੱਕੀ ਸਰਪੰਚ ਅਤੇ ਦਲਜੀਤ ਸਿੰਘ ਨੇ ਕਿਹਾ ਕਿ ਰੋੜੀ ਨਹਿਰ ਵਿੱਚ ਪੂਰਾ ਪਾਣੀ ਛੱਡਿਆ ਜਾਵੇ, ਤਾਂ ਜੋ ਉਹ ਆਪਣੀ ਫ਼ਸਲ ਨੂੰ ਸਮੇਂ ਸਿਰ ਪਾਣੀ ਲਗਾ ਸਕਣ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਨਹਿਰ ਦੀਆਂ ਟੇਲਾਂ ਤੱਕ ਲੋੜੀਂਦਾ ਪਾਣੀ ਨਾ ਪਹੁੰਚਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸ ਮਹੱਤਵਪੂਰਨ ਸਮੇਂ ਦੌਰਾਨ ਝੋਨੇ ਦੀ ਫ਼ਸਲ ਨੂੰ ਲੋੜੀਂਦਾ ਪਾਣੀ ਨਾ ਮਿਲਿਆ ਤਾਂ ਇਸ ਦਾ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਰੋੜੀ ਨਹਿਰ ਵਿੱਚ ਪੂਰੀ ਮਾਤਰਾ ਵਿੱਚ ਪਾਣੀ ਛੱਡ ਕੇ ਟੇਲਾਂ ਤੱਕ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਵਾਰ-ਵਾਰ ਅਧਿਕਾਰੀਆਂ ਨੂੰ ਨਹਿਰ ਵਿੱਚ ਪੂਰਾ ਪਾਣੀ ਨਾ ਪਹੁੰਚਣ ਦੀ ਸਮੱਸਿਆ ਬਾਰੇ ਜਾਣੂ ਕਰਵਾ ਰਹੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਇਹੀ ਜਵਾਬ ਮਿਲਦਾ ਹੈ ਕਿ ਪਾਣੀ ਪੂਰਾ ਕਿਉਂ ਨਹੀਂ ਪਹੁੰਚ ਰਿਹਾ, ਇਸ ਬਾਰੇ ਦੇਖਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਵਾਰ ਪਾਣੀ ਦੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਫ਼ਸਲ ਪੱਕਣ ਦੇ ਨੇੜੇ ਹੁੰਦੀ ਹੈ, ਉਸ ਸਮੇਂ ਨਹਿਰ ਵਿੱਚ ਵਾਧੂ ਪਾਣੀ ਭੇਜ ਦਿੱਤਾ ਜਾਂਦਾ ਹੈ, ਜਦਕਿ ਇਸ ਸਮੇਂ ਫ਼ਸਲ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੈ। ਕਿਸਾਨਾਂ ਨੇ ਵਿਭਾਗ ਤੋਂ ਤੁਰੰਤ ਕਾਰਵਾਈ ਕਰਦਿਆਂ ਨਹਿਰ ਵਿੱਚ ਲੋੜ ਅਨੁਸਾਰ ਪਾਣੀ ਛੱਡਣ ਦੀ ਮੰਗ ਕੀਤੀ ਹੈ। ਨਹਿਰ ਦੇ ਜੇਈ ਮੋਹਿਤ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਪਾਣੀ ਪੂਰਾ ਕਿਉਂ ਨਹੀਂ ਪਹੁੰਚ ਰਿਹਾ, ਇਸ ਬਾਰੇ ਦੇਖਿਆ ਜਾਵੇਗਾ।