ਲਾਪਤਾ ਨਾਬਾਲਿਗਾ ਦਾ ਸੁਰਾਗ ਨਾ ਮਿਲਣ ’ਤੇ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ
ਇਕ ਮਹੀਨਾ ਤੋਂ ਲਾਪਤਾ ਹੋਈ ਨਾਬਾਲਗ ਲੜਕੀ ਦਾ ਸੁਰਾਗ ਨਾ ਮਿਲਣ ਤੇ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ
Publish Date: Tue, 23 Jun 2026 06:47 PM (IST)
Updated Date: Tue, 23 Jun 2026 06:49 PM (IST)

ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਕਰੀਬ ਇੱਕ ਮਹੀਨਾ ਪਹਿਲਾਂ ਲਾਪਤਾ ਹੋਈ 17 ਸਾਲ 6 ਮਹੀਨੇ ਦੀ ਨਾਬਾਲਗ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। 12ਵੀਂ ਜਮਾਤ ਵਿੱਚ 94 ਫੀਸਦੀ ਅੰਕ ਹਾਸਲ ਕਰਨ ਵਾਲੀ ਇਸ ਹੋਣਹਾਰ ਵਿਦਿਆਰਥਣ ਨੂੰ ਸੀਡਫਾਰਮ ਨਿਵਾਸੀ ਇੱਕ ਨੌਜਵਾਨ ਆਪਣੇ ਨਾਲ ਬਹਿਲਾ-ਫੁਸਲਾ ਕੇ ਲੈ ਗਿਆ ਸੀ। ਪੁਲਿਸ ਦੀ ਧੀਮੀ ਕਾਰਵਾਈ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਅੱਜ ਥਾਣਾ ਨੰਬਰ-1 ਅੱਗੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਸਬਰ ਜਵਾਬ ਦੇਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਥਾਣੇ ਦੇ ਬਾਹਰ ਇਕੱਠੇ ਹੋਏ। ਇਸ ਪ੍ਰਦਰਸ਼ਨ ਨੂੰ ਕਈ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਦਾ ਵੀ ਸਮਰਥਨ ਮਿਲਿਆ, ਜਿਨ੍ਹਾਂ ਵਿੱਚ ਸ਼੍ਰੀਗੰਗਾਨਗਰ ਤੋਂ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਅਤੇ ਪਾਰਸ਼ਦ ਕਮਲਾ ਰਾਣੀ, ਯੂਥ ਕਾਂਗਰਸ ਦੇ ਮਹਾਸਚਿਵ ਅਜੈ ਕੁਮਾਰ ਅਤੇ ਅਬੋਹਰ ਦੇ ਪਾਰਸ਼ਦ ਵਿਜੈ ਛਾਬੜਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਪਰਿਵਾਰ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ 24 ਘੰਟਿਆਂ ਵਿੱਚ ਉਨ੍ਹਾਂ ਦੀ ਧੀ ਨੂੰ ਬਰਾਮਦ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਲੜਕੇ ਦੀ ਮਾਂ ਗ੍ਰਿਫ਼ਤਾਰ, ਤਿੰਨ ਰਾਜਾਂ ’ਚ ਛਾਪੇਮਾਰੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਤੇ ਮੁੱਖ ਦੋਸ਼ੀ ਓਮਕਾਰ, ਉਸ ਦੀ ਮਾਂ ਕ੍ਰਿਸ਼ਨਾ, ਨਾਨਾ ਨੰਦ ਸਿੰਘ ਅਤੇ ਭਰਾ ਗੱਗੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਦੀ ਮਾਂ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਇਸ ਵੇਲੇ ਅਦਾਲਤੀ ਹੁਕਮਾਂ ਅਨੁਸਾਰ ਜੇਲ੍ਹ ਵਿੱਚ ਹੈ। ਇਸ ਤੋਂ ਇਲਾਵਾ ਪੁਲਿਸ ਟੀਮ ਪਿਛਲੇ 10 ਦਿਨਾਂ ਤੋਂ ਦੋਸ਼ੀਆਂ ਦੀ ਭਾਲ ਲਈ ਆਸ-ਪਾਸ ਦੇ ਤਿੰਨ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਤਕਨੀਕੀ ਸਾਧਨਾਂ ਨਾਲ ਭਾਲ ਜਾਰੀ ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੋਬਾਈਲ ਲੋਕੇਸ਼ਨ, ਕਾਲ ਡਿਟੇਲਾਂ ਅਤੇ ਹੋਰ ਤਕਨੀਕੀ ਸਾਧਨਾਂ ਦੀ ਮਦਦ ਨਾਲ ਲੜਕੀ ਅਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਰਿਵਾਰ ਵੱਲੋਂ ਨੌਜਵਾਨ ਦੇ ਇੱਕ ਹੋਰ ਰਿਸ਼ਤੇਦਾਰ ਦੇ ਟਿਕਾਣੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਨ੍ਹਾਂ ਦੇ ਲੁਕੇ ਹੋਣ ਦਾ ਸ਼ੱਕ ਹੈ। ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਤੁਰੰਤ ਉਸ ਥਾਂ ਤੇ ਵੀ ਛਾਪੇਮਾਰੀ ਲਈ ਰਵਾਨਾ ਹੋ ਗਈ ਹੈ ਅਤੇ ਉਮੀਦ ਹੈ ਕਿ ਜਲਦ ਹੀ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।