- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਹਰੇ ਕਤਲ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਵੱਲੋਂ ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ 'ਤੇ ਧਰਨਾ

- ਤੇਜਾ ਰੂਹੇਲਾ ਕਾਂਡ ’ਚ ਇਨਸਾਫ਼ ਦੀ ਮੰਗ, ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ, ਜਲਦੀ ਗ੍ਰਿਫ਼ਤਾਰੀ ਦੀ ਮੰਗ
- ਫਾਜ਼ਿਲਕਾ ਪੁਲਿਸ ਨੇ 21 ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨੀ ਵਿਵਾਦ ਦੌਰਾਨ ਟਰੈਕਟਰ ਹੇਠਾਂ ਆ ਕੇ ਦਿਓਰ-ਭਾਬੀ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ ’ਤੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਘਟਨਾ ਨੂੰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜ਼ਮੀਨੀ ਵਿਵਾਦ ਦੌਰਾਨ ਰਾਜ ਸਿੰਘ ਅਤੇ ਮਾਇਆ ਬਾਈ ਦੀ ਬੇਰਹਿਮੀ ਨਾਲ ਜਾਨ ਲਈ ਗਈ ਹੈ। ਉਹ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਧਰਨੇ ਕਾਰਨ ਫਾਜ਼ਿਲਕਾ-ਫਿਰੋਜ਼ਪੁਰ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ। ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।
- ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 21 ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਜਾਂਚ ਅਧਿਕਾਰੀ ਐੱਸਐੱਚਓ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਨਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤੇਜਾ ਰੂਹੇਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਚਾਚਾ ਰਾਜ ਸਿੰਘ ਦੀ ਜ਼ਮੀਨ ਪਿੰਡ ਤੇਜਾ ਰੂਹੇਲਾ ਵਿੱਚ ਹੈ, ਜਿਸ ਵਿੱਚ ਪਰਿਵਾਰ ਖੇਤੀ ਕਰਦਾ ਹੈ। ਮਿਤੀ 21-7-2026 ਨੂੰ ਸ਼ਾਮ ਕਰੀਬ 4:30 ਵਜੇ ਉਸ ਦੀ ਮਾਤਾ ਮਾਇਆ ਬਾਈ ਅਤੇ ਚਾਚਾ ਰਾਜ ਸਿੰਘ ਖੇਤ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਭਜਨ ਸਿੰਘ ਪੁੱਤਰ ਚਿਮਨ ਸਿੰਘ, ਸੁਰਜੀਤ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਤੇਜਾ ਰੂਹੇਲਾ, ਕਰਨੈਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪ੍ਰਭਾਤ ਵਾਲਾ ਹਿਠਾੜ, ਚਿਮਨ ਸਿੰਘ ਪੁੱਤਰ ਹਾਕਮ ਸਿੰਘ, ਸਾਜਨ ਪੁੱਤਰ ਭਜਨ ਸਿੰਘ, ਸਾਹਿਲ ਸਿੰਘ ਪੁੱਤਰ ਭਜਨ ਸਿੰਘ, ਅਰਸ਼ਾ ਰਾਣੀ ਪੁੱਤਰੀ ਚਿਮਨ ਸਿੰਘ, ਰਾਜਾ ਬਾਈ ਪੁੱਤਰੀ ਚਿਮਨ ਸਿੰਘ, ਕ੍ਰਿਸ਼ਨਾ ਰਾਣੀ ਪੁੱਤਰੀ ਚਿਮਨ ਸਿੰਘ, ਸਵਰਨਾ ਬਾਈ ਪਤਨੀ ਭਜਨ ਸਿੰਘ ਵਾਸੀ ਤੇਜਾ ਰੂਹੇਲਾ, ਹੰਸਾ ਸਿੰਘ ਪੁੱਤਰ ਕਸ਼ਮੀਰ ਸਿੰਘ, ਜੋਗਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਸੰਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮੁਹਾਰ ਖੀਵਾ, ਮੰਗਾ ਵਾਸੀ ਗੁਲਾਮ ਰਸੂਲ, ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁਹਾਰ ਸੋਨਾ, ਹੁਸ਼ਿਆਰ ਸਿੰਘ ਪੁੱਤਰ ਚੰਨ ਸਿੰਘ, ਮਲਕੀਤ ਸਿੰਘ ਪੁੱਤਰ ਚੰਨ ਸਿੰਘ ਵਾਸੀ ਤੇਜਾ ਰੂਹੇਲਾ, ਸੁਰਜੀਤ ਸਿੰਘ ਵਾਸੀ ਚੱਕ ਖੀਵਾ, ਛਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਨਿਉਲਾ, ਜਸਵੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮੌਜਮ ਅਤੇ 7 ਤੋਂ 8 ਅਣਪਛਾਤੇ ਵਿਅਕਤੀ 2 ਟਰੈਕਟਰਾਂ ਅਤੇ ਹਥਿਆਰਾਂ ਨਾਲ ਮੌਕੇ ’ਤੇ ਆਏ। ਉਨ੍ਹਾਂ ਨੇ ਰਾਜ ਸਿੰਘ ਦੇ ਖੇਤ ਵਿੱਚ ਬੀਜੇ ਝੋਨੇ ਨੂੰ ਟਰੈਕਟਰ ਨਾਲ ਵਾਹੁਣਾ ਸ਼ੁਰੂ ਕਰ ਦਿੱਤਾ। ਜਦੋਂ ਮਾਇਆ ਬਾਈ ਅਤੇ ਰਾਜ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤਾਂ ਟਰੈਕਟਰ ਉਨ੍ਹਾਂ ਦੇ ਉੱਪਰ ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਮਾਇਆ ਬਾਈ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਰਾਜ ਸਿੰਘ ਦੀ ਇਲਾਜ ਦੌਰਾਨ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਮੌਤ ਹੋ ਗਈ। ਇਸ ਦੌਰਾਨ ਸਾਰੇ ਲਲਕਾਰੇ ਮਾਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਅਧੀਨ ਪਰਚਾ ਦਰਜ ਕੀਤਾ ਗਿਆ ਹੈ।