ਸੁਖਵਿੰਦਰ ਥਿੰਦ, ਫਾਜ਼ਿਲਕਾ : ਪਿਛਲੇ ਦਿਨੀ ਫਾਜ਼ਿਲਕਾ ਦੇ ਇਕ ਪਿੰਡ ਵਿਚ ਬੱਚਾ ਚੋਰੀ ਕਰ ਕੇ ਦਿੱਲੀ ਵਿਚ ਵੇਚਣ ਨਾਲ ਸਬੰਧਤ ਵਾਇਰਲ ਵੀਡੀਓ ਦੇ ਮਾਮਲੇ ਵਿਚ ਬੁੱਧਵਾਰ ਨੂੰ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਵੀਡੀਓ ਵਿਚ ਨਜ਼ਰ ਆ ਰਹੇ ਨੌਜਵਾਨਾਂ ਨੂੰ ਜਦੋਂ ਹਿਰਾਸਤ ਵਿਚ ਲਿਆ ਤਾਂ ਮਾਮਲਾ ਹੋਰ ਨਿਕਲਿਆ। ਪੁਲਿਸ ਨੇ ਵੀਡੀਓ ਬਣਾਉਣ ਵਾਲਿਆਂ 'ਤੇ ਮਾਮਲਾ ਦਰਜ ਕਰ ਕੇ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਚਰਨਜੀਤ ਸਿੰਘ ਥਾਣਾ ਸਦਰ ਦੀ ਹਿਰਾਸਤ ਵਿਚ ਸੀ, ਪਰ 2 ਅਗਸਤ ਨੂੰ ਸਾਬਕਾ ਸਰਪੰਚ ਚਰਨਜੀਤ ਸਿੰਘ ਥਾਣਾ ਸਦਰ ਦੇ ਹੋਮਗਾਰਡ ਦੇ ਜਵਾਨ ਨੂੰ ਫੱਟੜ ਕਰ ਕੇ ਫ਼ਰਾਰ ਹੋ ਗਿਆ। ਚਰਨਜੀਤ ਸਿੰਘ ਦੀ ਭਾਲ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ । ਜ਼ਖਮੀ ਹੋਮਗਾਰਡ ਦੇ ਜਵਾਨ ਨੇ ਦੱਸਿਆ ਕਿ ਡਿਊਟੀ 'ਤੇ ਤਾਇਨਾਤ ਜਵਾਨਾਂ ਨੂੰ ਉਸ ਨੇ ਪਿਸ਼ਾਬ ਕਰਨ ਦਾ ਬਹਾਨਾ ਲਾਇਆ ਸੀ, ਜਿਸ ਤੋਂ ਬਾਅਦ ਉਸ ਨੇ ਮੁਲਾਜ਼ਮ ਨੂੰ ਧੱਕਾ ਮਾਰ ਕੇ ਫ਼ਰਾਰ ਹੋਣ ਲੱਗਿਆ ਜੱਦੋ ਉਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ 'ਤੇ ਥਾਣੇ ਤੋਂ ਫ਼ਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਭਾਲ ਜਾਰੀ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੀ ਕਰ ਰਹੀ ਹੈ ਅਤੇ ਪੁਲਿਸ ਨੇ ਧਾਰਾ 343,186,332 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਦੀ ਤਫਤੀਸ਼ ਸਬ ਇੰਸਪੈਕਟਰ ਹਰਕ੍ਰਿਸ਼ਨ ਲਾਲ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਵੇਗੀ ।

Posted By: Jagjit Singh