ਹਰ ਸਾਲ, 4 ਲੱਖ ਤੋਂ ਵੱਧ ਬੱਚੇ ਤੇ ਕਿਸ਼ੋਰ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ : ਡਾ. ਚਾਵਲਾ
ਹਰ ਸਾਲ, 4 ਲੱਖ ਤੋਂ ਵੱਧ ਬੱਚੇ ਅਤੇ ਕਿਸ਼ੋਰ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ :ਡਾ. ਰਿੰਕੂ ਚਾਵਲਾ
Publish Date: Mon, 16 Feb 2026 04:38 PM (IST)
Updated Date: Mon, 16 Feb 2026 04:39 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਉਚੇਚੀ ਨਿਗਰਾਨੀ ਵਿੱਚ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਮੌਕੇ ਤੇ ਜਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿਖੇ ਸਿਵਲ ਸਰਜਨ ਦਫਤਰ ਵਿਖੇ ਜਾਗਰੂਕਤਾ ਪ੍ਰਚਾਰ ਪ੍ਰਸਾਰ ਸਮਗਰੀ ਵੀ ਜਾਰੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡਾ. ਰਿੰਕੂ ਚਾਵਲਾ ਨੇ ਦਸਿਆ ਕਿ ਅੰਤਰਰਾਸ਼ਟਰੀ ਬਚਪਨ ਕੈਂਸਰ ਦਿਵਸ ਹਰ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ। ਬਚਪਨ ਦਾ ਕੈਂਸਰ ਸਾਰੀ ਉਮਰ ਵਿਅਕਤੀ ਅਤੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ 2030 ਤੱਕ ਕੈਂਸਰ ਤੋਂ ਪੀੜਤ ਬੱਚਿਆਂ ਦੇ ਬਚਾਅ ਦੀ ਦਰ ਨੂੰ ਘੱਟੋ-ਘੱਟ 60% ਤੱਕ ਵਧਾਉਣ ਅਤੇ ਕੈਂਸਰ ਨਾਲ ਜੀ ਰਹੇ ਬੱਚਿਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਦਸਿਆ ਕਿ ਇਸ ਸਾਲ ਇਹ ਦਿਨ ਪ੍ਰਭਾਵ ਦਿਖਾਉਣਾ ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਹ ਥੀਮ ਪਿਛਲੇ ਸਾਲਾਂ ਵਿੱਚ ਹੋਈਆਂ ਅਸਲ ਪ੍ਰਾਪਤੀਆਂ, ਸਫਲਤਾ ਦੀਆਂ ਕਹਾਣੀਆਂ ਅਤੇ ਚੰਗੇ ਬਦਲਾਅ ਪ੍ਰਦਰਸ਼ਿਤ ਕਰਕੇ ਏਕਤਾ ਦੀ ਤਾਕਤ ਅਤੇ ਸਾਂਝੇ ਸਮਰਪਣ ਤੇ ਕੇਂਦ੍ਰਿਤ ਹੈ। ਉਹਨਾਂ ਕਿਹਾ ਕਿ ਕੈਂਸਰ ਵਰਗੀ ਮਾਰੂ ਬਿਮਾਰੀ ਦੇ ਮਾਮਲੇ ਜਿੱਥੇ ਵੱਡੀ ਉਮਰ ਦੇ ਵਿਅਕਤੀਆਂ ਵਿਚ ਜ਼ਿਆਦਾ ਪਾਏ ਜਾਂਦੇ ਹਨ, ਉੱਥੇ ਹੁਣ ਬੱਚਿਆਂ ਵਿਚ ਵੀ ਇਹ ਬਿਮਾਰੀ ਹੋਣਾ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਡਬਲਯੂਐੱਚਓ ਦੇ ਅੰਕੜਿਆਂ ਮੁਤਾਬਕ ਹਰ ਸਾਲ 0 ਤੋਂ 18 ਸਾਲ ਤਕ ਦੀ ਉਮਰ ਦੇ 400,000 ਤੋਂ ਵੱਧ ਬੱਚੇ ਅਤੇ ਕਿਸ਼ੋਰ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਜੰਕ ਫ਼ੂਡ ਦੀ ਵਧੇਰੇ ਵਰਤੋਂ, ਪ੍ਰਦੂਸ਼ਿਤ ਵਾਤਾਵਰਨ, ਪੀਣ ਯੋਗ ਪਾਣੀ ਦੀ ਕਮੀ, ਸਕਰੀਨ ਟਾਈਮ ਵੱਧ ਹੋਣਾ, ਨਸ਼ਿਆਂ ਤੱਕ ਪਹੁੰਚ ਅਤੇ ਸ਼ਰੀਰਕ ਗਤੀਵਿਧੀਆਂ ਵਿਚ ਆ ਰਹੀ ਕਮੀ ਕਾਰਨ ਬੱਚਿਆਂ ਵਿਚ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਆਪਣੀ ਅਤੇ ਪਰਿਵਾਰ ਦੀ ਸਿਹਤ ਪ੍ਰਤੀ ਜਾਗਰੂਕ ਹੋ ਕੇ ਹੀ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਕੈਂਸਰ ਦਾ ਇਲਾਜ ਸੰਭਵ ਹੈ। ਇਸ ਲਈ ਬੱਚਿਆਂ ਵਿਚ ਕੈਂਸਰ ਪ੍ਰਤੀ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਉਹ ਅਜਿਹੇ ਲੱਛਣ ਦਿਸਣ ਤੇ ਤੁਰੰਤ ਡਾਕਟਰੀ ਸਲਾਹ ਲੈ ਸਕਣ। ਬੱਚਿਆਂ ਵਿਚ ਲਿਊਕੇਮੀਆ, ਦਿਮਾਗ ਦਾ ਕੈਂਸਰ, ਠੋਸ ਟਿਊਮਰ ਅਤੇ ਹੱਡੀਆਂ ਦਾ ਕੈਂਸਰ ਆਦਿ ਆਮ ਤੌਰ ਤੇ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਖ ਵਿਚ ਚਿੱਟੇ ਨਿਸ਼ਾਨ, ਅੱਖਾਂ ਦਾ ਟੇਢਾਪਨ, ਅਚਾਨਕ ਅੱਖਾਂ ਦਾ ਉਭਰਨਾ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗੱਠ, ਅਚਾਨਕ ਬੁਖਾਰ, ਲਗਾਤਾਰ ਖਾਂਸੀ, ਸਵੇਰ ਸਮੇਂ ਤੇਜ ਸਿਰ ਦਰਦ ਅਤੇ ਉਲਟੀ ਆਉਣਾ, ਹੱਡੀਆਂ ਵਿਚ ਅਚਾਨਕ ਦਰਦ ਅਤੇ ਸੋਜ ਆਦਿ ਬੱਚਿਆਂ ਵਿਚ ਕੈਂਸਰ ਦੇ ਲੱਛਣ ਹੋ ਸਕਦੇ ਹਨ ਅਤੇ ਇਨ੍ਹਾਂ ਲੱਛਣਾਂ ਪ੍ਰਤੀ ਮਾਪਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਅੰਕੁਸ਼, ਡਿਪਟੀ ਮਾਸ ਮੀਡਿਆ ਅਫਸਰ ਮਨਬੀਰ ਸਿੰਘ, ਬੀ.ਈ.ਈ ਦਿਵੇਸ਼ ਕੁਮਾਰ, ਜਿਲਾ ਬੀ.ਸੀ.ਸੀ ਕਾਰਡੀਨੇਟਰ ਸੁਖਦੇਵ ਸਿੰਘ, ਸਟੈਨੋ ਰੋਹਿਤ, ਅਤਿੰਦਰ ਪਾਲ ਸਿੰਘ ਅਤੇ ਸ਼ੁਭਮ ਮੌਜੂਦ ਸਨ।