ਵਾਤਾਵਰਨ ਬਚਾਉਣ ਲਈ ਹਰ ਵਿਅਕਤੀ ਲਗਾਏ ਇੱਕ ਬੂਟਾ
ਵਾਤਾਵਰਨ ਬਚਾਉਣ ਲਈ ਹਰ ਵਿਅਕਤੀ ਇੱਕ ਪੌਦਾ ਜ਼ਰੂਰ ਲਗਾਏ
Publish Date: Fri, 05 Jun 2026 04:43 PM (IST)
Updated Date: Fri, 05 Jun 2026 04:44 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ ਸਾਫ਼-ਸੁਥਰਾ ਵਾਤਾਵਰਨ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਪਰ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ, ਕੱਟੇ ਜਾ ਰਹੇ ਦਰੱਖਤਾਂ ਅਤੇ ਘਟਦੀ ਹਰਿਆਵਲੀ ਕਾਰਨ ਕੁਦਰਤੀ ਸੰਤੁਲਨ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਵਾਤਾਵਰਨ ਪ੍ਰੇਮੀਆਂ ਦਾ ਮੰਨਣਾ ਹੈ ਕਿ ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਦਾ ਜ਼ਿੰਮਾ ਲਵੇ ਤਾਂ ਨਾ ਸਿਰਫ਼ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਇਆ ਜਾ ਸਕਦਾ ਹੈ। ਮੌਨਸੂਨ ਦੀ ਸ਼ੁਰੂਆਤ ਅਤੇ ਬਰਸਾਤੀ ਮੌਸਮ ਨੂੰ ਰੁੱਖ ਲਗਾਉਣ ਲਈ ਸਭ ਤੋਂ ਉਚਿਤ ਸਮਾਂ ਮੰਨਿਆ ਜਾਂਦਾ ਹੈ। ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਜੇਕਰ ਸਾਂਝੇ ਤੌਰ ’ਤੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਬੀੜਾ ਚੁੱਕਣ ਤਾਂ ਫਾਜ਼ਿਲਕਾ ਨੂੰ ਮੁੜ ਪਹਿਲਾਂ ਵਾਂਗ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਇਸ ਵਿਸ਼ੇ ’ਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇੱਕ ਘਰ-ਇੱਕ ਰੁੱਖ’ ਬਣੇ ਲੋਕ ਲਹਿਰ : ਨਵਦੀਪ ਅਸਿਜਾ ਗ੍ਰੈਜੂਏਟ ਵੈਲਫੇਅਰ ਸੋਸਾਇਟੀ ਦੇ ਸਕੱਤਰ ਅਤੇ ਵਾਤਾਵਰਨ ਪ੍ਰੇਮੀ ਨਵਦੀਪ ਅਸਿਜਾ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਫਾਊਂਡਰ ਸਵ. ਡਾ. ਭੁਪਿੰਦਰ ਸਿੰਘ ਦੀ ਪ੍ਰੇਰਣਾ ਨਾਲ ਸੈਟੇਲਾਈਟ ਇਮੇਜ ਇੰਟਰਪ੍ਰੀਟੇਸ਼ਨ ਤਕਨੀਕ ਦੀ ਵਰਤੋਂ ਕਰਦਿਆਂ ਫਾਜ਼ਿਲਕਾ ਦਾ ਗ੍ਰੀਨ ਮੈਪ ਤਿਆਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਗਭਗ 30 ਤੋਂ 35 ਹਜ਼ਾਰ ਘਰ ਹਨ, ਜਦਕਿ ਦਰੱਖਤਾਂ ਦੀ ਗਿਣਤੀ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਸ ਲਈ ਇੱਕ ਘਰ-ਇੱਕ ਰੁੱਖ ਦਾ ਟੀਚਾ ਹਰ ਹਾਲ ਵਿੱਚ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਮੈਪ ਦਾ ਮਕਸਦ ਲੋਕਾਂ ਅਤੇ ਨੀਤੀ ਨਿਰਧਾਰਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਜ਼ਿਲ੍ਹੇ ’ਚ ਹਰ 50 ਵਿਅਕਤੀਆਂ ਪਿੱਛੇ ਸਿਰਫ਼ ਇੱਕ ਰੁੱਖ : ਪਰਮਜੀਤ ਵੇਰੜ ਵਾਤਾਵਰਨ ਪ੍ਰੇਮੀ ਪਰਮਜੀਤ ਸਿੰਘ ਵੇਰੜ ਨੇ ਕਿਹਾ ਕਿ ਫਾਜ਼ਿਲਕਾ ਨਗਰ ਕੌਂਸਲ ਦਾ ਕੁੱਲ ਰਕਬਾ ਕਰੀਬ 10.5 ਵਰਗ ਕਿਲੋਮੀਟਰ ਹੈ। ਸਾਲ 2010 ਵਿੱਚ ਸ਼ਹਿਰ ਦਾ ਸਿਰਫ਼ 0.3 ਫੀਸਦੀ ਹਿੱਸਾ ਹੀ ਹਰਿਆਵਲੀ ਹੇਠ ਸੀ, ਜੋ ਲਗਾਤਾਰ ਯਤਨਾਂ ਸਦਕਾ ਵਧ ਕੇ ਹੁਣ ਕਰੀਬ 0.5 ਫੀਸਦੀ ਤੱਕ ਪਹੁੰਚਿਆ ਹੈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਹਰਿਆਵਲੀ ਦਾ ਪੱਧਰ ਲੋੜ ਮੁਤਾਬਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਵਾਤਾਵਰਨੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਪ੍ਰਤੀ ਵਿਅਕਤੀ ਔਸਤ 28 ਦਰੱਖਤ ਹਨ, ਜਦਕਿ ਚੀਨ ਵਿੱਚ ਇਹ ਗਿਣਤੀ 102 ਦਰੱਖਤ ਪ੍ਰਤੀ ਵਿਅਕਤੀ ਹੈ। ਇਸ ਦੇ ਉਲਟ ਫਾਜ਼ਿਲਕਾ ਦੀ ਸਥਿਤੀ ਕਾਫ਼ੀ ਚਿੰਤਾਜਨਕ ਹੈ, ਜਿੱਥੇ ਔਸਤਨ ਹਰ 50 ਵਿਅਕਤੀਆਂ ਪਿੱਛੇ ਸਿਰਫ਼ ਇੱਕ ਦਰੱਖਤ ਹੀ ਮੌਜੂਦ ਹੈ। ਵੇਰੜ ਨੇ ਕਿਹਾ ਕਿ ਵਧ ਰਹੀ ਗਰਮੀ, ਪ੍ਰਦੂਸ਼ਣ ਅਤੇ ਬਦਲਦੇ ਮੌਸਮੀ ਹਾਲਾਤਾਂ ਨੂੰ ਦੇਖਦਿਆਂ ਹੁਣ ਸਮਾਂ ਆ ਗਿਆ ਹੈ ਕਿ ਹਰ ਨਾਗਰਿਕ ਰੁੱਖ ਲਗਾਉਣ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝੇ। ਜੇਕਰ ਹਰ ਪਰਿਵਾਰ ਹਰ ਸਾਲ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਕਰੇ ਤਾਂ ਕੁਝ ਸਾਲਾਂ ਵਿੱਚ ਹੀ ਫਾਜ਼ਿਲਕਾ ਦੀ ਤਸਵੀਰ ਬਦਲੀ ਜਾ ਸਕਦੀ ਹੈ ਅਤੇ ਸ਼ਹਿਰ ਨੂੰ ਮੁੜ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਬੂਟੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਵੀ ਜ਼ਰੂਰੀ : ਪਰਮਦੀਪ ਸ਼ਾਹ ਸਮਾਜ ਸੇਵੀ ਪਰਮਦੀਪ ਸ਼ਾਹ ਨੇ ਕਿਹਾ ਕਿ ਇੱਕ ਘਰ-ਇੱਕ ਰੁੱਖ ਮੁਹਿੰਮ ਦਾ ਮਕਸਦ ਸਿਰਫ਼ ਰੁੱਖ ਲਗਾਉਣਾ ਨਹੀਂ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਉਨ੍ਹਾਂ ਨੂੰ ਵੱਡਾ ਕਰਨਾ ਅਤੇ ਸੰਭਾਲਣਾ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ, ਪਰ ਅਜੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੇ ਸਮੇਂ ਵਿੱਚ ਫਾਜ਼ਿਲਕਾ ਨੂੰ ਗੰਭੀਰ ਵਾਤਾਵਰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਂ ਦੇ ਨਾਮ ’ਤੇ ਇੱਕ ਰੁੱਖ ਜ਼ਰੂਰ ਲਗਾਓ : ਪੰਕਜ ਧਮੀਜਾ ਸਮਾਜ ਸੇਵੀ ਪੰਕਜ ਧਮੀਜਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਂ ਦੇ ਨਾਮ ’ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਪੂਰਵਜਾਂ ਨੇ ਵੀ ਬੋਹੜ, ਪਿੱਪਲ, ਤੁਲਸੀ ਅਤੇ ਫਲਦਾਰ ਰੁੱਖ ਲਗਾ ਕੇ ਕੁਦਰਤ ਦੀ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਵਾਤਾਵਰਨ ਛੱਡ ਕੇ ਜਾ ਰਹੇ ਹਾਂ। ਸਾਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਜੋ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਵਾਤਾਵਰਨ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ : ਨਿਤਿਨ ਕਾਮਰਾ ਵਾਤਾਵਰਨ ਪ੍ਰੇਮੀ ਨਿਤਿਨ ਕਾਮਰਾ ਦਾ ਮੰਨਣਾ ਹੈ ਕਿ ਜੇਕਰ ਸਮਾਜ ਦੀਆਂ ਸਾਰੀਆਂ ਸੰਸਥਾਵਾਂ ਅਤੇ ਆਮ ਲੋਕ ਮਿਲ ਕੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਮੁਹਿੰਮ ਚਲਾਉਣ ਤਾਂ ਫਾਜ਼ਿਲਕਾ ਨੂੰ ਮੁੜ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟੇਗਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲੇਗਾ। ਵਾਤਾਵਰਨ ਦੀ ਸੰਭਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ : ਪੂਜਾ ਲੂਥਰਾ ਵਾਤਾਵਰਨ ਪ੍ਰੇਮੀ ਪੂਜਾ ਲੂਥਰਾ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅਤੇ ਹਰਿਆਵਲੀ ਨੂੰ ਵਧਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਵਧਦੇ ਪ੍ਰਦੂਸ਼ਣ, ਕੱਟੇ ਜਾ ਰਹੇ ਦਰੱਖਤਾਂ ਅਤੇ ਬਦਲਦੇ ਮੌਸਮੀ ਚੱਕਰ ਕਾਰਨ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਹਰ ਵਿਅਕਤੀ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਨਾ ਸਿਰਫ਼ ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ, ਸਗੋਂ ਧਰਤੀ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ, ਵਰਖਾ ਚੱਕਰ ਨੂੰ ਬਣਾਈ ਰੱਖਣ ਅਤੇ ਜੀਵ-ਜੰਤੂਆਂ ਦੇ ਕੁਦਰਤੀ ਆਵਾਸ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਸਕੂਲਾਂ, ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਵੀ ਯਕੀਨੀ ਬਣਾਉਣ। ਉਨਾਂ ਨੇ ਕਿਹਾ ਕਿ ਜੇਕਰ ਅਸੀਂ ਅੱਜ ਕੁਦਰਤ ਦੀ ਰੱਖਿਆ ਲਈ ਠੋਸ ਕਦਮ ਚੁੱਕਦੇ ਹਾਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਨ ਦੇ ਸਕਾਂਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਬਚਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਜੋ ਸਮਾਜ ਦਾ ਹਰ ਵਰਗ ਇਸ ਵਿੱਚ ਆਪਣਾ ਯੋਗਦਾਨ ਪਾ ਸਕੇ। ਰੁੱਖ ਲਗਾਉਣਾ ਹੀ ਨਹੀਂ, ਉਨ੍ਹਾਂ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ : ਗੋਲਡੀ ਸਚਦੇਵਾ ਵਾਤਾਵਰਨ ਪ੍ਰੇਮੀ ਗੋਲਡੀ ਸਚਦੇਵਾ ਨੇ ਕਿਹਾ ਕਿ ਵਧਦੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਦੌਰ ਵਿੱਚ ਵਾਤਾਵਰਨ ਦੀ ਸੰਭਾਲ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਸਿਰਫ਼ ਰੁੱਖ ਲਗਾਉਣ ਨਾਲ ਹੀ ਫ਼ਰਜ਼ ਪੂਰਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਦੇਖਭਾਲ ਅਤੇ ਸੰਭਾਲ ਕਰਨਾ ਵੀ ਉਤਨਾ ਹੀ ਮਹੱਤਵਪੂਰਨ ਹੈ। ਜੇਕਰ ਲਗਾਏ ਗਏ ਬੂਟਿਆਂ ਨੂੰ ਸਹੀ ਢੰਗ ਨਾਲ ਪਾਲਿਆ ਜਾਵੇ ਤਾਂ ਉਹ ਭਵਿੱਖ ਵਿੱਚ ਵੱਡੇ ਦਰੱਖਤ ਬਣ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਵਾ, ਪਾਣੀ ਅਤੇ ਧੁਨੀ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ, ਜਿਸ ਦਾ ਸਿੱਧਾ ਅਸਰ ਮਨੁੱਖੀ ਸਿਹਤ ’ਤੇ ਪੈ ਰਿਹਾ ਹੈ। ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਹਰਿਆਵਲੀ ਪੈਦਾ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਖ਼ਾਸ ਕਰਕੇ ਬਰਸਾਤ ਦਾ ਮੌਸਮ ਰੁੱਖ ਲਗਾਉਣ ਲਈ ਸਭ ਤੋਂ ਉਚਿਤ ਸਮਾਂ ਹੈ ਅਤੇ ਹਰ ਪਰਿਵਾਰ ਨੂੰ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ।ਗੋਲਡੀ ਸਚਦੇਵਾ ਨੇ ਕਿਹਾ ਕਿ ਜੇਕਰ ਸਮਾਜ ਦੀਆਂ ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਮਿਲ ਕੇ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਤਾਂ ਫਾਜ਼ਿਲਕਾ ਨੂੰ ਮੁੜ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਲਈ ਕੁਦਰਤ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਕੁਦਰਤ ਦੀ ਸੰਭਾਲ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ : ਗਗਨ ਚੁੱਘ ਸਮਾਜਸੇਵੀ ਗਗਨ ਚੁੱਘ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਵਧਦੇ ਪ੍ਰਦੂਸ਼ਣ, ਘਟਦੀ ਹਰਿਆਵਲੀ ਅਤੇ ਬਦਲਦੇ ਮੌਸਮੀ ਹਾਲਾਤਾਂ ਕਾਰਨ ਮਨੁੱਖੀ ਜੀਵਨ ਦੇ ਨਾਲ-ਨਾਲ ਜੀਵ-ਜੰਤੂਆਂ ਅਤੇ ਕੁਦਰਤੀ ਸਰੋਤਾਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਹਰ ਵਿਅਕਤੀ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ, ਜੋ ਸਾਨੂੰ ਸ਼ੁੱਧ ਹਵਾ, ਛਾਂ ਅਤੇ ਜੀਵਨ ਲਈ ਲੋੜੀਂਦਾ ਸੰਤੁਲਨ ਪ੍ਰਦਾਨ ਕਰਦੇ ਹਨ। ਇਸ ਲਈ ਹਰ ਪਰਿਵਾਰ ਨੂੰ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਬਰਸਾਤ ਦਾ ਮੌਸਮ ਰੁੱਖ ਲਗਾਉਣ ਲਈ ਸਭ ਤੋਂ ਵਧੀਆ ਸਮਾਂ ਹੈ ਅਤੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਗਗਨ ਚੁੱਘ ਨੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਵਾਤਾਵਰਨ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਹਰ ਨਾਗਰਿਕ ਸਾਲ ਵਿੱਚ ਇੱਕ ਰੁੱਖ ਲਗਾਉਣ ਅਤੇ ਉਸ ਨੂੰ ਵੱਡਾ ਕਰਨ ਦਾ ਸੰਕਲਪ ਲਵੇ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਫਾਜ਼ਿਲਕਾ ਨੂੰ ਮੁੜ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਸੰਭਾਲ ਦੀ ਮੁਹਿੰਮ ਨਾਲ ਜੁੜਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਛੱਡਣ ਦੀ ਅਪੀਲ ਕੀਤੀ। ਕੁਦਰਤ ਦੀ ਸੰਭਾਲ ਸਮੇਂ ਦੀ ਮੁੱਖ ਲੋੜ : ਪੁਸ਼ਪਾ ਧਮੀਜਾ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੁਸ਼ਪਾ ਧਮੀਜਾ ਨੇ ਕਿਹਾ ਕਿ ਕੁਦਰਤ ਦੀ ਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਵਧਦਾ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਰੁੱਖਾਂ ਦੀ ਘਟਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਭਵਿੱਖ ਵਿੱਚ ਗੰਭੀਰ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਰੁੱਖ ਲਗਾਉਣ, ਪਾਣੀ ਦੀ ਸੰਭਾਲ ਕਰਨ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮਿਲ ਸਕੇ। ਫਾਜ਼ਿਲਕਾ ਚ ਵਾਰਡ ਮੁਤਾਬਿਕ 6115 ਪੇੜ ਹਨ ਵਾਰਡ ਨੰਬਰ 1 ਚ 916,ਵਾਰਡ ਨੰਬਰ 2 ਚ 556, ਵਾਰਡ ਨੰਬਰ 3 ਚ 65,ਵਾਰਡ ਨੰਬਰ4 ਚ 38, ਵਾਰਡ ਨੰਬਰ5 ਚ 45, ਵਾਰਡ ਨੰਬਰ 6 ਚ 63,ਵਾਰਡ ਨੰਬਰ 7 ਚ 575,ਵਾਰਡ ਨੰਬਰ 8 ਚ 91,ਵਾਰਡ ਨੰਬਰ 9 ਚ 48,ਵਾਰਡ ਨੰਬਰ 10 ਚ 54,ਵਾਰਡ ਨੰਬਰ 11 ਚ 290,ਵਾਰਡ ਨੰਬਰ 12 ਚ 759 ਵਾਰਡ ਨੰਬਰ 13 ਚ 495,ਵਾਰਡ ਨੰਬਰ 14 ਚ 94,ਵਾਰਡ ਨੰਬਰ 15 ਚ 35 ਵਾਰਡ ਨੰਬਰ 16 ਚ 654,ਵਾਰਡ ਨੰਬਰ 17 ਚ 263,ਵਾਰਡ ਨੰਬਰ 18 ਚ 42 ,ਵਾਰਡ ਨੰਬਰ 19 ਚ 269 ਵਾਰਡ ਨੰਬਰ 20 ਚ 54, ਵਾਰਡ ਨੰਬਰ 21 ਖਾਲੀ,ਵਾਰਡ ਨੰਬਰ 22 ਚ 53,ਵਾਰਡ ਨੰਬਰ 23 ਚ 104 ਵਾਰਡ ਨੰਬਰ 24 ਚ 403,ਵਾਰਡ ਨੰਬਰ 25 ਚ 149 ਪੇੜ ਹਨ।