ਉਮਰ ਦੇ ਇਸ ਪੜਾਅ ’ਚ ਵੀ ਮਿੱਟੀ ਦੇ ਦੀਵੇ ਬਣਾਉਣ ’ਚ ਜੁਟੀ ਵੀਰੋ ਬਾਈ, ਪੋਤੇ ਨੂੰ ਸਿਖਾ ਰਹੀ ਵਿਰਾਸਤੀ ਹੁਨਰ ਉਮਰ ਦੇ ਇਸ ਪੜਾਅ ’ਚ ਵੀ ਮਿੱਟੀ ਦੇ ਦੀਵੇ ਬਣਾਉਣ ’ਚ ਜੁਟੀ ਵੀਰੋ ਬਾਈ, ਪੋਤੇ ਨੂੰ ਸਿਖਾ ਰਹੀ ਵਿਰਾਸਤੀ ਹੁਨਰ
Publish Date: Thu, 05 Nov 2026 06:10 PM (IST)
Updated Date: Fri, 06 Nov 2026 04:03 AM (IST)
ਪੋਤੇ ਦੀ ਜੋੜੀ ਸੰਭਾਲ ਰਹੀ ਮਿੱਟੀ ਦੇ ਦੀਵੇ ਬਣਾਉਣ ਦੀ ਪੁਰਾਤਨ ਕਲਾ -ਚਾਈਨੀਜ਼ ਲੜੀਆਂ ਦੀ ਚਮਕ ’ਚ ਗੁਆਚੀ ਮਿੱਟੀ ਦੇ ਦੀਵਿਆਂ ਦੀ ਰੌਣਕ, ਘੁਮਿਆਰਾਂ ਦੇ ਚਿਹਰਿਆਂ ’ਤੇ ਛਾਈ ਉਦਾਸੀ -ਕਦੇ ਹਰ ਘਰ ਦੀ ਸ਼ਾਨ ਹੁੰਦੇ ਸਨ ਮਿੱਟੀ ਦੇ ਦੀਵੇ, ਅੱਜ ਵਿਰਾਸਤੀ ਕਿੱਤਾ ਬਚਾਉਣ ਲਈ ਜੂਝ ਰਹੇ ਨੇ ਕਾਰੀਗਰ -ਚਾਈਨੀਜ਼ ਲੜੀਆਂ ਨੇ ਖੋਹੀ ਮਿੱਟੀ ਦੇ ਦੀਵਿਆਂ ਦੀ ਚਮਕ, ਘੁਮਿਆਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ -ਦੀਵਾਲੀ ਦੀ ਰੌਸ਼ਨੀ ਪਿੱਛੇ ਘੁਮਿਆਰਾਂ ਦੇ ਘਰਾਂ ’ਚ ਹਨੇਰਾ, ਮਿੱਟੀ ਦੇ ਦੀਵਿਆਂ ਦੀ ਘਟੀ ਮੰਗ ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫ਼ਾਜ਼ਿਲਕਾ : ਦੀਵਾਲੀ ਦਾ ਤਿਉਹਾਰ ਆਉਂਦਿਆਂ ਹੀ ਕਦੇ ਘੁਮਿਆਰਾਂ ਦੇ ਵਿਹੜਿਆਂ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ। ਚਾਕ ’ਤੇ ਘੁੰਮਦੀ ਮਿੱਟੀ ਤੋਂ ਬਣਦੇ ਦੀਵੇ, ਘੜੇ, ਕਰਵੇ ਅਤੇ ਗੁਲਕਾਂ ਨਾ ਸਿਰਫ਼ ਉਨ੍ਹਾਂ ਦੀ ਕਲਾ ਦਾ ਪ੍ਰਤੀਕ ਹੁੰਦੇ ਸਨ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਵੀ ਸਨ। ਪਰ ਸਮੇਂ ਦੇ ਬਦਲਦੇ ਰੁਝਾਨਾਂ, ਬਿਜਲੀ ਦੀਆਂ ਸਜਾਵਟੀ ਲੜੀਆਂ ਅਤੇ ਬਾਜ਼ਾਰ ਵਿੱਚ ਆਏ ਮਸ਼ੀਨੀ ਤੇ ਚੀਨੀ ਸਾਮਾਨ ਨੇ ਇਸ ਰਵਾਇਤੀ ਕਿੱਤੇ ਦੀ ਚਮਕ ਫਿੱਕੀ ਪਾ ਦਿੱਤੀ ਹੈ। ਹਾਲਾਤ ਇਹ ਹਨ ਕਿ ਦੂਜਿਆਂ ਦੇ ਘਰਾਂ ਨੂੰ ਰੌਸ਼ਨ ਕਰਨ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਕਾਰੀਗਰਾਂ ਦੇ ਆਪਣੇ ਘਰਾਂ ਵਿੱਚ ਆਰਥਿਕ ਤੰਗੀ ਦਾ ਹਨੇਰਾ ਪਸਰਿਆ ਹੋਇਆ ਹੈ। ਫਾਜ਼ਿਲਕਾ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਧਰਮਪਾਲ ਦੀ ਜ਼ਿੰਦਗੀ ਇਸ ਸੰਕਟ ਦੀ ਕਹਾਣੀ ਬਿਆਨ ਕਰਦੀ ਹੈ। ਉਹ ਅੱਜ ਵੀ ਆਪਣੇ ਪੁਰਖਿਆਂ ਤੋਂ ਮਿਲੀ ਕਲਾ ਨੂੰ ਜਿਊਂਦਾ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਦੀਵਾਲੀ ਤੋਂ ਪਹਿਲਾਂ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਉਨ੍ਹਾਂ ਦਾ ਕੰਮ ਕਾਫ਼ੀ ਵਧ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਦੀਵੇ, ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ, ਹਠੜੀਆਂ ਅਤੇ ਹੋਰ ਸਜਾਵਟੀ ਵਸਤਾਂ ਤਿਆਰ ਕਰਦੇ ਹਨ। ਪਰ ਸਖ਼ਤ ਮਿਹਨਤ ਦੇ ਬਾਵਜੂਦ ਉਨ੍ਹਾਂ ਨੂੰ ਇਸ ਕੰਮ ਦਾ ਬਣਦਾ ਮੁੱਲ ਨਹੀਂ ਮਿਲਦਾ। ਧਰਮਪਾਲ ਦੱਸਦੇ ਹਨ ਕਿ ਪਹਿਲਾਂ ਪਿੰਡਾਂ ਦੇ ਮੇਲਿਆਂ ਅਤੇ ਬਾਜ਼ਾਰਾਂ ਵਿੱਚ ਮਿੱਟੀ ਦੇ ਭਾਂਡਿਆਂ ਦੀ ਕਾਫ਼ੀ ਮੰਗ ਹੁੰਦੀ ਸੀ। ਲੋਕ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਾਉਂਦੇ ਅਤੇ ਮਿੱਟੀ ਦੇ ਭਾਂਡਿਆਂ ਨੂੰ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਮੰਨਦੇ ਸਨ। ਪਰ ਹੁਣ ਬਿਜਲੀ ਦੀਆਂ ਲੜੀਆਂ ਅਤੇ ਹੋਰ ਸਜਾਵਟੀ ਵਸਤਾਂ ਨੇ ਇਨ੍ਹਾਂ ਦੀ ਥਾਂ ਲੈ ਲਈ ਹੈ। ਇਸ ਕਾਰਨ ਘੁਮਿਆਰਾਂ ਦਾ ਕਾਰੋਬਾਰ ਲਗਾਤਾਰ ਘਟ ਰਿਹਾ ਹੈ। ਧਰਮਪਾਲ ਦੱਸਦੇ ਹਨ ਕਿ ਪਹਿਲਾਂ ਉਹ ਪਿੰਡਾਂ ਵਿੱਚ ਜਾ ਕੇ ਜ਼ਿਮੀਂਦਾਰਾਂ ਤੋਂ ਮਿੱਟੀ ਲੈ ਆਉਂਦੇ ਸਨ, ਪਰ ਹੁਣ ਚੰਗੀ ਗੁਣਵੱਤਾ ਵਾਲੀ ਕਾਲੀ ਮਿੱਟੀ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਫਾਜ਼ਿਲਕਾ ਤੋਂ ਲਗਭਗ 30 ਤੋਂ 35 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਇਸ ਲਈ ਮਿੱਟੀ ਖਰੀਦਣ ਦੇ ਨਾਲ-ਨਾਲ ਆਵਾਜਾਈ ਦਾ ਖਰਚਾ ਵੀ ਝੱਲਣਾ ਪੈਂਦਾ ਹੈ। ਕੱਚੇ ਮਾਲ ਦੀ ਲਾਗਤ ਵਧਣ ਨਾਲ ਦੀਵੇ ਬਣਾਉਣ ਦਾ ਖਰਚਾ ਵੀ ਵਧ ਗਿਆ ਹੈ। ਦੂਜੇ ਪਾਸੇ, ਬਾਜ਼ਾਰ ਵਿੱਚ ਮੁਕਾਬਲੇ ਅਤੇ ਗਾਹਕਾਂ ਵੱਲੋਂ ਘੱਟ ਕੀਮਤ ਦੇਣ ਦੀ ਪ੍ਰਵਿਰਤੀ ਕਾਰਨ ਉਨ੍ਹਾਂ ਦਾ ਮੁਨਾਫ਼ਾ ਘਟਦਾ ਜਾ ਰਿਹਾ ਹੈ। ਧਰਮਪਾਲ ਦੀ ਮਾਤਾ ਰਾਮ ਕਲਾ ਦੇਵੀ ਵੀ ਇਸ ਰਵਾਇਤੀ ਕਿੱਤੇ ਨੂੰ ਚਲਾਉਣ ਵਿੱਚ ਆਪਣੇ ਪੁੱਤਰ ਦਾ ਸਾਥ ਦੇ ਰਹੀ ਹੈ। ਉਹ ਦੱਸਦੀ ਹੈ ਕਿ ਦੀਵੇ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਸੁਕਾਉਣ ਅਤੇ ਭੱਠੀ ਵਿੱਚ ਪਕਾਉਣ ਤੱਕ ਲੰਮਾ ਸਮਾਂ ਲੱਗਦਾ ਹੈ। ਪੂਰੀ ਪ੍ਰਕਿਰਿਆ ਵਿੱਚ 20 ਤੋਂ 25 ਦਿਨ ਤੱਕ ਲੱਗ ਸਕਦੇ ਹਨ। ਇਸ ਦੇ ਬਾਵਜੂਦ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਆਮਦਨ ਨਹੀਂ ਹੁੰਦੀ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵਿਰਾਸਤੀ ਕਲਾ ਹੋਰ ਵੀ ਸੰਕਟ ਵਿੱਚ ਪੈ ਸਕਦੀ ਹੈ। ਫਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਵਿੱਚ ਮੂਰਤੀ ਦੇਵੀ ਮਿੱਟੀ ਦੇ ਦੀਵਿਆਂ ਅਤੇ ਗੁੱਡੇ-ਗੁੱਡੀਆਂ ’ਤੇ ਕਲਾਕਾਰੀ ਕਰਕੇ ਉਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ। ਉਹ ਤਿਆਰ ਦੀਵੇ ਖਰੀਦ ਕੇ ਲਿਆਉਂਦੀ ਹੈ ਅਤੇ ਉਨ੍ਹਾਂ ’ਤੇ ਸਜਾਵਟੀ ਕੰਮ ਕਰਨ ਤੋਂ ਬਾਅਦ ਅੱਗੇ ਵੇਚਦੀ ਹੈ। ਇਸ ਤਰ੍ਹਾਂ ਉਹ ਆਪਣੀ ਮਿਹਨਤ ਅਤੇ ਹੁਨਰ ਦੇ ਸਹਾਰੇ ਰੋਜ਼ੀ-ਰੋਟੀ ਕਮਾਉਣ ਦੀ ਕੋਸ਼ਿਸ਼ ਕਰਦੀ ਹੈ। ਮੂਰਤੀ ਦੇਵੀ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਾਰਾ ਕੰਮ ਆਪਣੇ ਪੱਧਰ ’ਤੇ ਕਰਨਾ ਪੈਂਦਾ ਹੈ, ਪਰ ਸਰਕਾਰੀ ਪੱਧਰ ’ਤੇ ਉਨ੍ਹਾਂ ਨੂੰ ਕੋਈ ਵਿਸ਼ੇਸ਼ ਸਹਾਇਤਾ ਨਹੀਂ ਮਿਲੀ। ਲੋਕ ਵੀ ਕਈ ਵਾਰ ਉਨ੍ਹਾਂ ਦੀ ਮਿਹਨਤ ਅਤੇ ਕਲਾਕਾਰੀ ਦਾ ਸਹੀ ਮੁੱਲ ਦੇਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੱਟੀ ਦੇ ਦੀਵੇ ਬਣਾਉਣ ਅਤੇ ਉਨ੍ਹਾਂ ’ਤੇ ਕਲਾਕਾਰੀ ਕਰਨ ਵਾਲੇ ਪਰਿਵਾਰਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਪ੍ਰਬੰਧ ਕੀਤਾ ਜਾਵੇ। ਫਾਜ਼ਿਲਕਾ ਦੀ ਬਾਰਡਰ ਰੋਡ ’ਤੇ ਵੀਰੋ ਬਾਈ ਇਸ ਰਵਾਇਤੀ ਕਲਾ ਨੂੰ ਸੰਭਾਲਣ ਲਈ ਮਿੱਟੀ ਦੇ ਦੀਵੇ ਬਣਾਉਣ ਵਿੱਚ ਜੁਟੀ ਹੋਈ ਹੈ। ਇਸ ਕੰਮ ਵਿੱਚ ਉਨ੍ਹਾਂ ਦਾ ਪੋਤਾ ਦੀਪ ਵੀ ਆਪਣੀ ਦਾਦੀ ਦਾ ਸਾਥ ਦੇ ਰਿਹਾ ਹੈ। ਵੀਰੋ ਬਾਈ ਦੇ ਹੱਥਾਂ ਨਾਲ ਤਿਆਰ ਹੋਣ ਵਾਲੇ ਮਿੱਟੀ ਦੇ ਦੀਵੇ ਸਦੀਆਂ ਪੁਰਾਣੀ ਭਾਰਤੀ ਪਰੰਪਰਾ ਦੀ ਯਾਦ ਦਿਵਾਉਂਦੇ ਹਨ। ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੇ ਦੀਵੇ ਜਗਾਉਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਹ ਦੀਵੇ ਸਿਰਫ਼ ਘਰਾਂ ਨੂੰ ਰੌਸ਼ਨ ਕਰਨ ਦਾ ਸਾਧਨ ਹੀ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਜੀਵਨ ਸ਼ੈਲੀ ਦਾ ਵੀ ਅਹਿਮ ਹਿੱਸਾ ਹਨ। ਦਾਦੀ ਤੋਂ ਸਿੱਖ ਰਿਹਾ ਪੋਤਾ ਵੀਰੋ ਬਾਈ ਜਿੱਥੇ ਮਿੱਟੀ ਨੂੰ ਆਕਾਰ ਦੇ ਕੇ ਦੀਵੇ ਤਿਆਰ ਕਰਦੀ ਹੈ, ਉੱਥੇ ਹੀ ਉਨ੍ਹਾਂ ਦਾ ਪੋਤਾ ਦੀਪ ਵੀ ਇਸ ਕੰਮ ਵਿੱਚ ਹੱਥ ਵਟਾਉਂਦਾ ਹੈ। ਦਾਦੀ-ਪੋਤੇ ਦੀ ਇਹ ਜੋੜੀ ਮਿਹਨਤ ਨਾਲ ਦੀਵੇ ਬਣਾਉਣ ਵਿੱਚ ਲੱਗੀ ਹੋਈ ਹੈ। ਇਹ ਦ੍ਰਿਸ਼ ਦਰਸਾਉਂਦਾ ਹੈ ਕਿ ਕਿਵੇਂ ਇਕ ਪੀੜ੍ਹੀ ਆਪਣੀ ਅਗਲੀ ਪੀੜ੍ਹੀ ਨੂੰ ਰਵਾਇਤੀ ਹੁਨਰ ਨਾਲ ਜੋੜ ਰਹੀ ਹੈ। ਅਜਿਹੀਆਂ ਕਲਾਵਾਂ ਨੂੰ ਸੰਭਾਲ ਕੇ ਰੱਖਣਾ ਇਸ ਲਈ ਵੀ ਜ਼ਰੂਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਵਿਰਾਸਤ ਨਾਲ ਜੁੜੀਆਂ ਰਹਿਣ।