ਜਲਾਲਾਬਾਦ ’ਚ ਨਗਰ ਕੌਂਸਲ ਚੋਣਾਂ ਲਈ ਪ੍ਰਚਾਰ ਨੇ ਫੜਿਆ ਜ਼ੋਰ ਜਲਾਲਾਬਾਦ ਵਿੱਚ ਚੋਣ ਪ੍ਰਚਾਰ ਨੇ ਫੜਿਆ ਜ਼ੋਰ, ਵਿਧਾਇਕ ਗੋਲਡੀ ਕੰਬੋਜ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ
Publish Date: Fri, 03 Jul 2026 03:33 PM (IST)
Updated Date: Fri, 03 Jul 2026 03:35 PM (IST)
ਬੰਪਲ ਭਠੇਜਾ.ਪੰਜਾਬੀ ਜਾਗਰਣ ਜਲਾਲਾਬਾਦ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜਲਾਲਾਬਾਦ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਲੋਕਾਂ ਸਾਹਮਣੇ ਰੱਖਿਆ। ਵਿਧਾਇਕ ਗੋਲਡੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਲਾਲਾਬਾਦ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਕਿਸੇ ਦੀ ਗੁਲਾਮੀ ਕਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲਾਂ ਨਗਰ ਕੌਂਸਲ ਦੀ ਸੱਤਾ ਵਿੱਚ ਰਹੇ, ਉਹ ਚੋਣਾਂ ਦੇ ਸਮੇਂ ਹੀ ਲੋਕਾਂ ਵਿਚਕਾਰ ਨਜ਼ਰ ਆਉਂਦੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਬਿਨਾਂ ਕਿਸੇ ਦਾ ਨਾਮ ਲਏ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਪੁਰਾਣੇ ਮਾਮਲਿਆਂ ਤੋਂ ਪੱਲਾ ਝਾੜਦੇ ਹਨ, ਹੁਣ ਜਨਤਾ ਨੂੰ ਵੀ ਉਨ੍ਹਾਂ ਤੋਂ ਹਿਸਾਬ ਮੰਗਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਪ-ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵਿਚਾਲੇ ਹੋਈ ਕਥਿਤ ਸਾਂਝ ਅਤੇ ਦਲਾਲੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਾਰਡ ਵਿੱਚ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਅਤੇ ਕਿਸੇ ਨੂੰ ਵੀ ਉਮੀਦਵਾਰਾਂ ਨੂੰ ਡਰਾਉਣ ਜਾਂ ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਸਿੱਧਾ ਲੋਕਾਂ ਦੇ ਖਾਤਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਅਤੇ ਇਸ ਦਾ ਫਾਇਦਾ ਲੋਕਾਂ ਨੂੰ ਮਿਲ ਰਿਹਾ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੋਲਡੀ ਨੇ ਕਿਹਾ ਕਿ ਜਿਹੜੀਆਂ ਦੁਕਾਨਾਂ ਦੇ ਮਾਲਕਾਨਾ ਹੱਕਾਂ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ, ਉਸ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਪਹਿਲਾ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਾਲਾਬਾਦ ਵਿੱਚ ਵਿਕਾਸ ਅਤੇ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਾਲ ਪਿੰਟਾ ਚੁੱਘ, ਅੰਕਿਤ ਕਟਾਰੀਆ, ਅੰਕੁਸ਼ ਮੁਟਿਨੇਜਾ, ਸੋਨੂੰ ਧਾਮੀਜਾ, ਰਾਜੀਵ ਬਜਾਜ ਅਤੇ ਪਾਰਟੀ ਦੇ ਸਾਰੇ ਉਮੀਦਵਾਰ ਹਾਜ਼ਰ ਸਨ।