ਦੋ ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ਲਈ ਦਰ-ਦਰ ਭਟਕ ਰਹੀ ਬਜ਼ੁਰਗ ਔਰਤ ਦੋ ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ਲਈ ਦਰ-ਦਰ ਭਟਕ ਰਹੀ ਬਜ਼ੁਰਗ ਔਰਤ
Publish Date: Fri, 16 Oct 2026 04:19 PM (IST)
Updated Date: Fri, 16 Oct 2026 04:21 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਆਪਣੇ ਲਾਪਤਾ ਪੁੱਤਰ ਦੀ ਉਡੀਕ ਵਿੱਚ ਬੈਠੀ ਇੱਕ ਬਜ਼ੁਰਗ ਮਾਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਸ ਦੀ ਭਾਲ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਪਿੰਡ ਅਮੀਰ ਖਾਸ ਨਿਵਾਸੀ ਬਜ਼ੁਰਗ ਔਰਤ ਰੇਸ਼ਮਾ ਬਾਈ ਵਿਧਵਾ ਹੰਸਾ ਸਿੰਘ ਨੇ ਆਪਣੇ ਪੁੱਤਰ ਸੰਦੀਪ ਕੁਮਾਰ ਦੇ ਲਾਪਤਾ ਹੋਣ ਸਬੰਧੀ ਆਪਣੀ ਨੂੰਹ ਅਤੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਗੰਭੀਰ ਦੋਸ਼ ਲਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਹਲਫ਼ੀਆ ਬਿਆਨ ਰਾਹੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਰੇਸ਼ਮਾ ਬਾਈ ਨੇ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ ਅਤੇ ਉਸ ਨਾਲ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਜਤਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦੇ ਹੋਏ ਰੇਸ਼ਮਾ ਬਾਈ ਨੇ ਦੱਸਿਆ ਕਿ ਉਸ ਦੇ ਪੁੱਤਰ ਸੰਦੀਪ ਕੁਮਾਰ ਦਾ ਵਿਆਹ ਕਰੀਬ 17-18 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਰੇਸ਼ਮਾ ਬਾਈ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਦਾ ਉਸ ਦੇ ਪੁੱਤਰ ਪ੍ਰਤੀ ਰਵੱਈਆ ਠੀਕ ਨਹੀਂ ਸੀ, ਜਿਸ ਕਾਰਨ ਪਰਿਵਾਰ ਵਿੱਚ ਅਕਸਰ ਘਰੇਲੂ ਝਗੜਾ ਰਹਿੰਦਾ ਸੀ। ਪਤੀ-ਪਤਨੀ ਵਿਚਾਲੇ ਲਗਾਤਾਰ ਤਣਾਅ ਰਹਿਣ ਅਤੇ ਘਰੇਲੂ ਝਗੜੇ ਕਾਰਨ ਉਸ ਦਾ ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਰੇਸ਼ਮਾ ਬਾਈ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਰਾਤ ਸਮੇਂ ਕਾਲੀ ਵਰਦੀ ਵਿਚ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਵੱਲੋਂ ਉਸ ਦੇ ਪੁੱਤਰ ਸੰਦੀਪ ਕੁਮਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸਨੂੰ ਜ਼ਬਰਦਸਤੀ ਆਪਣੇ ਨਾਲ ਚੁੱਕ ਕੇ ਲੈ ਗਏ। ਪੀੜਿਤ ਔਰਤ ਨੇ ਦੱਸਿਆ ਕੀ ਇਸ ਸਬੰਧੀ ਉਸ ਨੇ ਡੀਐੱਸਪੀ ਜਲਾਲਾਬਾਦ, ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਅਮੀਰ ਖ਼ਾਸ ਦੀ ਪੁਲਿਸ ਕੋਲ ਸ਼ਿਕਾਇਤਾਂ ਦਿੱਤੀਆਂ ਹਨ, ਪਰ ਉਸ ਦੇ ਪੁੱਤਰ ਦੀ ਭਾਲ ਜਾ ਫਿਰ ਕਿਡਨੈਪਿੰਗ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਰੇਸ਼ਮਾ ਬਾਈ ਨੇ ਸ਼ੱਕ ਜਤਾਇਆ ਕਿ ਉਸ ਦੇ ਪੁੱਤਰ ਨਾਲ ਕੋਈ ਗੰਭੀਰ ਅਣਸੁਖਾਵੀਂ ਘਟਨਾ ਵਾਪਰੀ ਹੋ ਸਕਦੀ ਹੈ। ਕਿਉਂਕਿ ਉਸ ਦੇ ਪੁੱਤਰ ਦਾ ਦੋ ਮਹੀਨੇ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਰੇਸ਼ਮਾ ਬਾਈ ਨੇ ਦੱਸਿਆ ਕਿ ਉਹ ਆਪਣੇ ਲਾਪਤਾ ਪੁੱਤਰ ਦੀ ਭਾਲ ਲਈ ਸਬੰਧਤ ਥਾਣੇ ਅਤੇ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੀ ਹੈ, ਪਰ ਉਸ ਨੂੰ ਅਜੇ ਤੱਕ ਪੁੱਤਰ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਰੇਸ਼ਮਾ ਬਾਈ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੁੱਤਰ ਦੀ ਕੋਈ ਸੂਹ ਨਾ ਮਿਲਣ ਕਾਰਨ ਉਹ ਬੇਹੱਦ ਚਿੰਤਤ ਹੈ ਅਤੇ ਉਸ ਨੂੰ ਆਪਣੇ ਪੁੱਤਰ ਦੀ ਘਰ ਵਾਪਸੀ ਦੇ ਨਾਲ ਨਾਲ ਉਸਦੀ ਸੁਰੱਖਿਆ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਰੇਸ਼ਮਾ ਬਾਈ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਣੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸਦੀ ਸ਼ਿਕਾਇਤ ਤੇ ਗੰਭੀਰਤਾ ਨਾਲ ਕਰਵਾਈ ਕਰਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਸ ਦੇ ਲਾਪਤਾ ਪੁੱਤਰ ਸੰਦੀਪ ਕੁਮਾਰ ਦੀ ਭਾਲ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ। ––––ਕੋਟ–––– ਮੈਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ, ਜਿਸ ਕਾਰਨ ਮੈਨੂੰ ਫਿਲਹਾਲ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਮੈਂ ਥਾਣੇ ਦੇ ਰਿਕਾਰਡ ਦੀ ਜਾਂਚ ਕਰਕੇ ਮਾਮਲੇ ਸਬੰਧੀ ਪੂਰੇ ਤੱਥਾਂ ਦੀ ਜਾਣਕਾਰੀ ਹਾਸਲ ਕਰਾਂਗਾ ਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। -ਸਬ-ਇੰਸ. ਜਤਿੰਦਰ ਸਿੰਘ, ਐੱਸਐੱਚਓ ਥਾਣਾ ਅਮੀਰ ਖ਼ਾਸ