ਫਾਜ਼ਿਲਕਾ ’ਚ 60 ਫੁੱਟ ਉੱਚੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦਾ ਹੋਇਆ ਦਹਨ ਫਾਜ਼ਿਲਕਾ ਵਿੱਚ 60 ਫੁੱਟ ਉੱਚੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦਾ ਹੋਇਆ ਦਹਨ
Publish Date: Tue, 20 Oct 2026 07:30 PM (IST)
Updated Date: Tue, 20 Oct 2026 07:30 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ:ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਫਾਜ਼ਿਲਕਾ ਸ਼ਹਿਰ ਵਿੱਚ ਇਸ ਵਾਰ ਵੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਐੱਮਆਰ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਦੁਸਹਿਰਾ ਸਣੇ ਤਿੰਨ ਥਾਵਾਂ ਤੇ ਮਨਾਇਆ ਗਿਆ। ਇਸ ਵਾਰ ਇੱਥੇ 60 ਫੁੱਟ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦਾ ਦਹਨ ਕੀਤਾ ਗਿਆ। ਸ਼ਹਿਰ ਵਿੱਚ ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਅਤੇ ਉਤਰ ਰੇਲਵੇ ਕਮੇਟੀ ਸਮੇਤ ਤਿੰਨ ਵੱਖ-ਵੱਖ ਥਾਵਾਂ ’ਤੇ ਦੁਸਹਿਰੇ ਦੇ ਸਮਾਗਮ ਕਰਵਾਏ ਗਏ ਸਨ । ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦੇ ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਜਨਰਲ ਸਕੱਤਰ ਵਿਜੇ ਤੰਵਰ ਨੇ ਦੱਸਿਆ ਕਿ ਫਾਜ਼ਿਲਕਾ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਹੀ ਦੁਸਹਿਰੇ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਜਾਂਦਾ ਆ ਰਿਹਾ ਹੈ। ਇਸ ਵਾਰ ਵੀ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਫਾਜਲਿਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਅਤੇ ਖੁਸ਼ਬੂ ਸਾਵਣ ਸੁੱਖਾ ਨੇ ਸ਼ਿਰਕਤ ਕੀਤੀ ਇਨਸਾਨੀ ਸਰੀਰ ਦੀ ਬਣਤਰ ਵਾਲੇ ਪੁਤਲੇ ਰਹੇ ਖ਼ਾਸ ਫਾਜ਼ਿਲਕਾ ਵਿੱਚ ਤਿਆਰ ਕੀਤੇ ਜਾਣ ਗਏ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦੀ ਬਣਤਰ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪਛਾਣ ਬਣਾਈ ਗਈ। ਇਨ੍ਹਾਂ ਪੁਤਲਿਆਂ ਨੂੰ ਰਵਾਇਤੀ ਢਾਂਚੇ ਤੋਂ ਵੱਖਰੇ ਅੰਦਾਜ਼ ਵਿੱਚ ਇਨਸਾਨੀ ਸਰੀਰ ਦੀ ਬਣਤਰ ਅਤੇ ਪਹਿਰਾਵੇ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਤਿੰਨਾਂ ਪੁਤਲਿਆਂ ਦੀ ਉਚਾਈ 60 ਫੁੱਟ ਸੀ ਇਨ੍ਹਾਂ ਨੂੰ ਤਿਆਰ ਕਰਨ ’ਤੇ ਲਗਭਗ ਸਾਢੇ ਚਾਰ ਲੱਖ ਰੁਪਏ ਖਰਚ ਕੀਤਾ ਗਿਆ। ਸੂਰਤ ਤੋਂ ਤਿਆਰ ਕਰਵਾਇਆ ਜਾਂਦਾ ਹੈ ਪੁਤਲਿਆਂ ਦਾ ਪਹਿਰਾਵਾ ਪੁਤਲੇ ਤਿਆਰ ਕਰਨ ਵਾਲੇ ਕਾਰੀਗਰ ਸੁਰਜੀਤ ਖੱਤਰੀ ਨੇ ਦੱਸਿਆ ਕਿ ਇਨ੍ਹਾਂ ਪੁਤਲਿਆਂ ਦੀ ਖ਼ਾਸੀਅਤ ਇਨ੍ਹਾਂ ਦਾ ਪਹਿਰਾਵਾ ਹੈ। ਇਸ ਲਈ ਵਿਸ਼ੇਸ਼ ਤੌਰ ’ਤੇ ਸੂਰਤ ਤੋਂ ਕਾਰੀਗਰ ਆਏ ਹਨ, ਜੋ ਪੁਤਲਿਆਂ ਦੇ ਸੂਟ ਦੀ ਸਹੀ ਨਾਪ ਲੈ ਕੇ ਕੱਪੜਾ ਤਿਆਰ ਕੀਤਾ ਗਿਆ। ਤਿੰਨਾਂ ਪੁਤਲਿਆਂ ਦੇ ਪਹਿਰਾਵੇ ਲਈ ਲਗਭਗ 360 ਮੀਟਰ ਵਿਸ਼ੇਸ਼ ਕੱਪੜੇ ਨਾਲ ਸੂਟ ਤਿਆਰ ਕਰਨ ਚ ਇੱਕ ਮਹੀਨੇ ਦਾ ਸਮਾਂ ਲਗਿਆ। ਪਹਿਰਾਵੇ ਅਤੇ ਬਣਤਰ ਕਾਰਨ ਇਹ ਪੁਤਲੇ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੇ। 45 ਹਜ਼ਾਰ ਰੁਪਏ ਦਾ ਆਤਿਸ਼ਬਾਜ਼ੀ ਦਾ ਸਾਮਾਨ, ਵਿਸ਼ੇਸ਼ ਲਾਈਟਿੰਗ ਰਹੀ ਕਮੇਟੀ ਮੈਂਬਰ ਭੀਮ ਸੈਨ ਖੱਤਰੀ ਨੇ ਦੱਸਿਆ ਕਿ ਤਿੰਨਾਂ ਪੁਤਲਿਆਂ ਵਿੱਚ ਲਗਭਗ 40 ਤੋਂ 45 ਹਜ਼ਾਰ ਰੁਪਏ ਦੀ ਆਤਿਸ਼ਬਾਜ਼ੀ ਲਈ ਸਮੱਗਰੀ ਵਰਤੀ ਗਈ। ਇਸ ਵਾਰ ਪੁਤਲਿਆਂ ’ਤੇ ਵਿਸ਼ੇਸ਼ ਲਾਈਟਿੰਗ ਕੀਤੀ ਗਈ ਹੈ, ਜਿਸ ਨਾਲ ਹਨੇਰਾ ਹੋਣ ’ਤੇ ਇਹ ਰੌਸ਼ਨੀ ਨਾਲ ਜਗਮਗਾਈ। ਰਾਵਣ ਦਹਨ ਸਮੇਂ ਹੋਣ ਵਾਲੀ ਆਤਿਸ਼ਬਾਜ਼ੀ ਸਮਾਗਮ ਦਾ ਮੁੱਖ ਆਕਰਸ਼ਣ ਰਹੀ। ਸ੍ਰੀ ਸੇਵਾ ਸਮਿਤੀ ਸਭਾ ਵੱਲੋਂ ਦੁਸਹਿਰਾ ਸਮਾਗਮ ਕਰਵਾਇਆ ਫ਼ਾਜ਼ਿਲਕਾ ਵਿੱਚ ਕੈਂਟ ਰੋਡ ਸਥਿਤ ਟੀਵੀ ਟਾਵਰ ਨੇੜੇ ਸ੍ਰੀ ਸੇਵਾ ਸਮਿਤੀ ਸਭਾ ਵੱਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਡੀਆਈਜੀ ਬੀਐੱਸਐੱਫ ਅਬੋਹਰ ਰੇਂਜ ਸੁਕੁਮਾਰ ਸਾਰੰਗੀ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਚਾਲਕ ਕਰਨ ਗਿਲਹੋਤਰਾ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਮਨੀਸ਼ ਕਟਾਰੀਆ, ਡਾ. ਵਿਜੇ ਸਚਦੇਵਾ, ਡਾ. ਕੇਸ਼ਵ ਸਚਦੇਵਾ, ਡਾ. ਅਰਪਿਤ ਗੁਪਤਾ, ਮਨੂ ਲੂਨਾ, ਸੰਦੀਪ ਸਿੰਘ ਭੱਟੀ, ਪੂਜਾ ਲੂਥਰਾ ਸਚਦੇਵਾ ਅਤੇ ਬੰਟੀ ਸਚਦੇਵਾ ਸਮੇਤ ਹੋਰ ਪਤਵੰਤੇ ਮੌਜੂਦ ਰਹੇ। ਸਮਾਗਮ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ।