ਨਸ਼ਾ ਛੁਡਾਊ ਕੇਂਦਰ ’ਤੇ ਡਰੱਗ ਇੰਸਪੈਕਟਰ ਦੀ ਛਾਪੇਮਾਰੀ, ਕੇਂਦਰ ਮਿਲਿਆ ਬੰਦ ਨਸ਼ਾ ਛੁਡਾਊ ਕੇਂਦਰ ’ਤੇ ਡਰੱਗ ਇੰਸਪੈਕਟਰ ਦੀ ਛਾਪੇਮਾਰੀ, ਕੇਂਦਰ ਮਿਲਿਆ ਬੰਦ
Publish Date: Fri, 30 Oct 2026 07:00 PM (IST)
Updated Date: Fri, 30 Oct 2026 07:01 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਮੁੱਖ ਮੰਤਰੀ ਭਗਵੰਤ ਮਾਨ ਦੇ 1 ਨਵੰਬਰ ਨੂੰ ਅਬੋਹਰ ਦੌਰੇ ਤੋਂ ਪਹਿਲਾਂ ਡਰੱਗ ਵਿਭਾਗ ਵੱਲੋਂ ਸ਼ਹਿਰ ਵਿੱਚ ਨਸ਼ਿਆਂ ਅਤੇ ਗੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਡਰੱਗ ਇੰਸਪੈਕਟਰ ਫਾਜ਼ਿਲਕਾ ਦੀ ਟੀਮ ਵੱਲੋਂ ਸਰਕੂਲਰ ਰੋਡ ਸਥਿਤ ਗਲੀ ਨੰਬਰ 15-ਬੀ ਵਿੱਚ ਬਣੇ ਇੱਕ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ, ਪਰ ਕੇਂਦਰ ਬੰਦ ਮਿਲਿਆ। ਵਿਭਾਗ ਵੱਲੋਂ ਉੱਥੇ ਦੋ ਪੁਲਿਸ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗਲੀ ਨੰਬਰ 15-ਬੀ ਵਿੱਚ ਸਥਿਤ ਪ੍ਰੀਤ ਨਸ਼ਾ ਛੁਡਾਊ ਕੇਂਦਰ ਦੀ ਆੜ ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਆਧਾਰ ’ਤੇ ਜ਼ਿਲ੍ਹਾ ਡਰੱਗ ਇੰਸਪੈਕਟਰ ਡਾ. ਹਰਿਤਾ ਬਾਂਸਲ, ਸਿਵਲ ਹਸਪਤਾਲ ਦੇ ਡਾ. ਮਹੇਸ਼ ਕੁਮਾਰ ਅਤੇ ਸਿਟੀ-1 ਪੁਲਿਸ ਦੀ ਟੀਮ ਨੇ ਕੇਂਦਰ ’ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਕੇਂਦਰ ਬੰਦ ਮਿਲਣ ’ਤੇ ਅਧਿਕਾਰੀਆਂ ਨੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਕੇਂਦਰ ਦੇ ਸੰਚਾਲਕ ਤੱਕ ਸੁਨੇਹਾ ਪਹੁੰਚਾਉਣ ਲਈ ਕਿਹਾ ਕਿ ਉਹ ਥਾਣੇ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦੇਣ। ਇਸ ਤੋਂ ਇਲਾਵਾ ਵਿਭਾਗ ਦੇ ਨਿਰਦੇਸ਼ਾਂ ’ਤੇ ਉੱਥੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਡਰੱਗ ਇੰਸਪੈਕਟਰ ਡਾ. ਹਰਿਤਾ ਬਾਂਸਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ਹਿਰ ਵਿੱਚ ਜਿੱਥੇ ਵੀ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਉਣਗੀਆਂ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਾਹਿਤ ਸਦਨ ਰੋਡ ਸਥਿਤ ਬਿਸ਼ਨੋਈ ਮੰਦਰ ਧਰਮਸ਼ਾਲਾ ਦੇ ਇੱਕ ਕਮਰੇ ਵਿੱਚ ਚਲਾਏ ਜਾ ਰਹੇ ਗੈਰ-ਕਾਨੂੰਨੀ ਦਵਾਈਆਂ ਦੇ ਗੋਦਾਮ ’ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਕਰੀਬ 12 ਲੱਖ 94 ਹਜ਼ਾਰ 800 ਰੁਪਏ ਦੀ ਕੀਮਤ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 46,840 ਗੋਲੀਆਂ, 24,400 ਕੈਪਸੂਲ, 200 ਐਂਪੂਲ ਅਤੇ 3,040 ਕਫ਼ ਸਿਰਪ ਦੀਆਂ ਬੋਤਲਾਂ ਸ਼ਾਮਲ ਸਨ। ਉਨ੍ਹਾਂ ਅਨੁਸਾਰ ਗੋਦਾਮ ਸੰਚਾਲਕ ਨੇ ਦਵਾਈਆਂ ਦੇ ਭੰਡਾਰਨ ਲਈ ਕੋਈ ਲਾਇਸੈਂਸ ਅਪਲਾਈ ਨਹੀਂ ਕੀਤਾ ਸੀ ਅਤੇ ਨਾ ਹੀ ਦਵਾਈਆਂ ਦੀ ਖਰੀਦ ਤੇ ਸਪਲਾਈ ਸਬੰਧੀ ਕੋਈ ਰਿਕਾਰਡ ਪੇਸ਼ ਕਰ ਸਕਿਆ। ਵਿਭਾਗ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਰਜੁਨ ਡੇਮਲਾ ਅਤੇ ਰੁਦਰਦੇਵ ਗੁੰਬਰ ਨੇ ਕਿਹਾ ਕਿ ਐਸੋਸੀਏਸ਼ਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਕੋਈ ਵੀ ਮੈਡੀਕਲ ਸਟੋਰ ਸੰਚਾਲਕ ਜਾਂ ਕੈਮਿਸਟ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਕਰਦਾ ਹੈ ਤਾਂ ਐਸੋਸੀਏਸ਼ਨ ਉਸ ਦਾ ਬਿਲਕੁਲ ਵੀ ਸਾਥ ਨਹੀਂ ਦੇਵੇਗੀ।